Business

ਝੋਨੇ ਤੇ ਸਿਆਸਤ ਗਰਮ, ਕੇਂਦਰ ਸਰਕਾਰ ਮੈਦਾਨ ਵਿੱਚ।

Published

on

NRI News NETWORK

ਕੇਂਦਰ ਸਰਕਾਰ ਨੇ ਪੰਜਾਬ ’ਚ ਝੋਨੇ ਦੀ ਖ਼ਰੀਦ ਤੇ ਲਿਫ਼ਟਿੰਗ ਦੇ ਬਣੇ ਸੰਕਟ ਨੂੰ ਨਜਿੱਠਣ ਲਈ ਚਾਰ ਦਿਨਾਂ ਦੀ ਮੋਹਲਤ ਮੰਗੀ ਹੈ। ਅੱਜ ਕੇਂਦਰੀ ਖ਼ੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਪੰਜਾਬ ਦੇ ਸ਼ੈਲਰ ਮਾਲਕਾਂ ਨਾਲ ਮੀਟਿੰਗ ਕੀਤੀ। ਇਸ ਵਿੱਚ ਸ਼ੈਲਰ ਮਾਲਕਾਂ ਨੇ ਕਿਹਾ ਕਿ ਜੇ ਕੇਂਦਰ ਨੇ ਫ਼ਸਲੀ ਖ਼ਰੀਦ ਤੇ ਲਿਫ਼ਟਿੰਗ ਦੇ ਹੱਲ ਲਈ ਦਖ਼ਲ ਨਾ ਦਿੱਤਾ ਤਾਂ ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ।

ਹੁਣ ਮਾਮਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਜਾਵੇਗਾ, ਜਿਨ੍ਹਾਂ ਵੱਲੋਂ ਆਖ਼ਰੀ ਫ਼ੈਸਲਾ ਲਿਆ ਜਾਣਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਕੱਲ੍ਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਫ਼ੋਨ ’ਤੇ ਗੱਲ ਕੀਤੀ ਤੇ ਸ਼ੈਲਰ ਮਾਲਕਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਤੋਂ ਇਲਾਵਾ ਸੂਬੇ ਵਿੱਚੋਂ ਅਨਾਜ ਦੀ ਫ਼ੌਰੀ ਮੂਵਮੈਂਟ ਕਰਨ ਲਈ ਕਿਹਾ ਸੀ। ਉਸ ਤੋਂ ਪਹਿਲਾਂ ਹੀ ਕੇਂਦਰੀ ਖ਼ੁਰਾਕ ਮੰਤਰੀ ਨੇ ਸ਼ੈਲਰ ਮਾਲਕਾਂ ਨੂੰ ਮੀਟਿੰਗ ਲਈ ਸੱਦ ਲਿਆ ਸੀ।

ਕੇਂਦਰ ਸਰਕਾਰ ਨਾਲ ਸ਼ੈਲਰ ਮਾਲਕਾਂ ਦੀ ਮੀਟਿੰਗ ’ਤੇ ‘ਆਪ’ ਦੇ ਬੁਲਾਰੇ ਨੀਲ ਗਰਗ ਪਲਟਵਾਰ ਕਰਦੇ ਹੋਏ ਕਿਹਾ ਕਿ ਪੰਜ ਸਾਲ ਪਹਿਲਾਂ ਆੜ੍ਹਤੀਆਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦਾ ਢਾਈ ਫੀਸਦ ਮਿਲਦਾ ਸੀ, ਜਿਸ ਨੂੰ ਕੇਂਦਰ ਸਰਕਾਰ ਨੇ ਘਟਾ ਕੇ ਸਿਰਫ਼ 4.5 ਰੁਪਏ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਸ਼ੈਲਰ ਮਾਲਕਾਂ ਨਾਲ ਅੱਜ ਰੱਖੀ ਮੀਟਿੰਗ ਪਹਿਲਾਂ ਵੀ ਹੋ ਸਕਦੀ ਸੀ ਪਰ ਭਾਜਪਾ ਦਾ ਮਕਸਦ ਪੰਜਾਬ ਦੇ ਕਿਸਾਨਾਂ ਅਤੇ ਕਮਿਸ਼ਨ ਏਜੰਟਾਂ ਨੂੰ ਪ੍ਰੇਸ਼ਾਨ ਕਰਨਾ ਸੀ। ‘ਆਪ’ ਆਗੂ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਆੜ੍ਹਤੀ-ਕਿਸਾਨ ਲਗਾਤਾਰ ਵਿਰੋਧ ਕਰ ਰਹੇ ਹਨ। ਕੇਂਦਰ ਸਰਕਾਰ ਇੰਨੇ ਦਿਨਾਂ ਬਾਅਦ ਕੁੰਭਕਰਨ ਦੀ ਨੀਂਦ ਤੋਂ ਜਾਗੀ ਅਤੇ ਫਿਰ ਉਨ੍ਹਾਂ ਨੂੰ ਮੀਟਿੰਗ ਲਈ ਬੁਲਾਇਆ। ਇਹ ਵੀ ਭਾਜਪਾ ਦਾ ਦਿਖਾਵਾ ਹੈ।

ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਨ ਬਿੰਟਾ ਤੇ ਪੰਜਾਬ ਰਾਜ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਸਣੇ ਹੋਰ ਆਗੂ ਵੀ ਮੀਟਿੰਗ ਵਿੱਚ ਸ਼ਾਮਲ ਹੋਏ। ਇਨ੍ਹਾਂ ਆਗੂਆਂ ਨੇ ਬਿੱਟੂ ਅਤੇ ਚੁੱਘ ਨਾਲ ਵੱਖਰੀ ਮੀਟਿੰਗ ਦੌਰਾਨ ਮਸਲੇ ਦਾ ਹੱਲ ਫ਼ੌਰੀ ਸਿਆਸਤ ਤੋਂ ਉਪਰ ਉੱਠ ਕੇ ਕਰਨ ਦੀ ਗੱਲ ਆਖੀ।

ਚੌਲ ਮਿੱਲ ਮਾਲਕਾਂ ਦੇ ਪ੍ਰਤੀਨਿਧ ਆਗੂਆਂ ਨੇ ਮੰਗ ਕੀਤੀ ਕਿ ਕੇਂਦਰੀ ਮਾਪਦੰਡਾਂ ਵਿੱਚ ਛੋਟ ਦਿੱਤੀ ਜਾਵੇ ਅਤੇ ਪੰਜਾਬ ਵਿੱਚ ਅਨਾਜ ਦੀ ਮੂਵਮੈਂਟ ਕਰਕੇ ਗੁਦਾਮ ਖ਼ਾਲੀ ਕੀਤੇ ਜਾਣ।

ਸੂਬਾ ਪ੍ਰਧਾਨ ਬਿੰਟਾ ਨੇ ਦੱਸਿਆ ਕਿ ਅੱਜ ਕੇਂਦਰੀ ਮੰਤਰੀ ਨੇ ਚਾਰ ਦਿਨਾਂ ਦੀ ਮੋਹਲਤ ਮੰਗੀ ਹੈ ਅਤੇ ਮਾਮਲਾ ਕੇਂਦਰੀ ਗ੍ਰਹਿ ਮੰਤਰੀ ਕੋਲ ਰੱਖਣ ਲਈ ਕਿਹਾ, ਕਿਉਂਕਿ ਮਾਪਦੰਡਾਂ ਵਿੱਚ ਛੋਟ ਅਤੇ ਰਿਆਇਤ ਦਿੱਤੇ ਜਾਣ ਨਾਲ ਵਿੱਤੀ ਬੋਝ ਵੀ ਸਰਕਾਰ ’ਤੇ ਪੈਣਾ ਹੈ। ਬਿੰਟਾ ਨੇ ਕਿਹਾ ਕਿ ਕੇਂਦਰ ਮਾਪਦੰਡਾਂ ਵਿੱਚ ਕੋਈ ਛੋਟ ਐਲਾਨ ਸਕਦਾ ਹੈ ਅਤੇ ਜਦੋਂ ਮਾਪਦੰਡਾਂ ਵਿੱਚ ਛੋਟਾਂ ਦਾ ਐਲਾਨ ਹੋਵੇਗਾ, ਉਦੋਂ ਹੀ ਫ਼ਸਲ ਦੀ ਚੁਕਾਈ ਸ਼ੁਰੂ ਕੀਤੀ ਜਾਵੇਗੀ।

ਕੇਂਦਰੀ ਮੰਤਰੀ ਜੋਸ਼ੀ ਨੇ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ 30 ਜੂਨ 2025 ਤੱਕ ਪੰਜਾਬ ਦੇ ਸਾਰੇ ਗੁਦਾਮਾਂ ਵਿੱਚੋਂ 125 ਲੱਖ ਮੀਟਰਿਕ ਅਨਾਜ ਲੱਖ ਅਨਾਜ ਨੂੰ ਮੂਵ ਕਰਵਾਏਗੀ।

Leave a Reply

Your email address will not be published. Required fields are marked *

Trending

Exit mobile version