India
ਸੰਵਿਧਾਨ ਸੋਧ ਬਿੱਲ: ਵਿਰੋਧੀ ਧਿਰ ਭ੍ਰਿਸ਼ਟਾਚਾਰ ਬਚਾਉਣ ਲਈ ਇਕਜੁੱਟ – ਸ਼ਾਹ
NRIPANJABI.Com
ਲੋਕ ਸਭਾ ਵਿੱਚ ਸੰਵਿਧਾਨ (113ਵਾਂ ਸੋਧ) ਬਿੱਲ, ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰ ਸੋਧ ਬਿੱਲ ਅਤੇ ਜੰਮੂ-ਕਸ਼ਮੀਰ ਪੁਨਰਗਠਨ ਸੋਧ ਬਿੱਲ ਪੇਸ਼ ਕਰਨ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀ ਪਾਰਟੀਆਂ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਹੇਠ ‘ਇੰਡੀਆ’ ਗੱਠਜੋੜ ਭ੍ਰਿਸ਼ਟਾਚਾਰ ਨੂੰ ਬਚਾਉਣ ਲਈ ਸ਼ਰਮਨਾਕ ਢੰਗ ਨਾਲ ਇਕੱਠਾ ਹੋਇਆ ਹੈ।
ਸ਼ਾਹ ਨੇ ਦਲੀਲ ਦਿੱਤੀ ਕਿ ਜੇਲ੍ਹ ਵਿੱਚ ਬੰਦ ਨੇਤਾਵਾਂ ਨੂੰ ਪ੍ਰਧਾਨ ਮੰਤਰੀ, ਮੁੱਖ ਮੰਤਰੀ ਜਾਂ ਮੰਤਰੀ ਵਰਗੇ ਅਹੁਦੇ ਸੰਭਾਲਣ ਤੋਂ ਰੋਕਣ ਲਈ ਲਿਆ ਬਿੱਲ ਲੋਕਾਂ ਦੇ ਹਿਤ ‘ਚ ਹੈ। ਉਨ੍ਹਾਂ ਕਿਹਾ, “ਵਿਰੋਧੀ ਧਿਰ ਲੋਕਾਂ ਸਾਹਮਣੇ ਪੂਰੀ ਤਰ੍ਹਾਂ ਬੇਨਕਾਬ ਹੋ ਗਈ ਹੈ।”
ਗ੍ਰਹਿ ਮੰਤਰੀ ਨੇ ਆਪਣੇ ਖ਼ਿਲਾਫ਼ ਪੁਰਾਣੇ ਮਾਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਗ੍ਰਿਫ਼ਤਾਰੀ ਤੋਂ ਪਹਿਲਾਂ ਹੀ ਅਸਤੀਫ਼ਾ ਦੇ ਚੁੱਕੇ ਸਨ ਅਤੇ ਅਦਾਲਤ ਵੱਲੋਂ ਬਰੀ ਹੋਣ ਤੱਕ ਕੋਈ ਸੰਵਿਧਾਨਕ ਅਹੁਦਾ ਨਹੀਂ ਸੰਭਾਲਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦੀ ਕਾਰਗੁਜ਼ਾਰੀ “ਅਨੈਤਿਕ ਪਰੰਪਰਾ” ਨੂੰ ਅੱਗੇ ਵਧਾਉਂਦੀ ਰਹੀ ਹੈ।
ਸ਼ਾਹ ਨੇ ਰਾਹੁਲ ਗਾਂਧੀ ’ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਜੋ ਆਰਡੀਨੈਂਸ ਕਦੇ ਲਾਲੂ ਪ੍ਰਸਾਦ ਯਾਦਵ ਨੂੰ ਬਚਾਉਣ ਲਈ ਲਿਆਂਦਾ ਗਿਆ ਸੀ, ਉਸ ਦਾ ਵਿਰੋਧ ਰਾਹੁਲ ਨੇ ਖੁਦ ਕੀਤਾ ਸੀ ਪਰ ਅੱਜ ਉਹੀ ਲਾਲੂ ਦੇ ਨਾਲ ਖੜ੍ਹੇ ਹਨ। “ਲੋਕ ਇਹ ਦੋਹਰੇ ਮਾਪਦੰਡ ਸਪੱਸ਼ਟ ਤੌਰ ’ਤੇ ਵੇਖ ਰਹੇ ਹਨ,” ਸ਼ਾਹ ਨੇ ਕਿਹਾ।
ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ ਤਿੰਨੋ ਬਿੱਲ ਵਿਸਥਾਰਪੂਰਵਕ ਚਰਚਾ ਲਈ ਸਾਂਝੀ ਸੰਸਦੀ ਕਮੇਟੀ ਕੋਲ ਭੇਜੇ ਜਾਣਗੇ।
ਇਸ ਤੋਂ ਪਹਿਲਾਂ ਕਾਂਗਰਸ ਨੇਤਾ ਕੇਸੀ ਵੇਣੂਗੋਪਾਲ ਨੇ ਦੋਸ਼ ਲਗਾਇਆ ਕਿ ਇਹ ਬਿੱਲ ਸੰਵਿਧਾਨ ਦੇ ਮੂਲ ਸਿਧਾਂਤਾਂ ਨੂੰ ਤੋੜਦਾ ਹੈ ਅਤੇ ਸ਼ਾਹ ਦੇ ਗੁਜਰਾਤ ਦੌਰ ਦੇ ਮਾਮਲਿਆਂ ‘ਤੇ ਸਵਾਲ ਉਠਾਏ। ਇਸ ’ਤੇ ਸ਼ਾਹ ਨੇ ਪਲਟਵਾਰ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਨੈਤਿਕ ਮਰਿਆਦਾਵਾਂ ’ਤੇ ਕਾਇਮ ਰਹੇ ਹਨ।