Asia
‘ਜਨ ਸੁਣਵਾਈ’ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ’ਤੇ ਹਮਲਾ, ਰਾਜਕੋਟ ਦਾ ਵਿਅਕਤੀ ਹਿਰਾਸਤ ਵਿੱਚ
ਭਾਜਪਾ ਨੇ ਕਿਹਾ ਕਿ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ’ਤੇ ਅੱਜ ਸਵੇਰੇ ਸਿਵਲ ਲਾਈਨਜ਼ ਸਥਿਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ‘ਜਨ ਸੁਣਵਾਈ’ ਪ੍ਰੋਗਰਾਮ ਦੌਰਾਨ ਕਥਿਤ ਹਮਲਾ ਕੀਤਾ ਗਿਆ।
ਦਿੱਲੀ ਭਾਜਪਾ ਦੇ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਹਫਤਾਵਾਰੀ ‘ਜਨ ਸੁਣਵਾਈ’ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ’ਤੇ ਹੋਏ ‘ਹਮਲੇ’ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਪਾਰਟੀ ਸੂਤਰਾਂ ਨੇ ਕਿਹਾ ਕਿ ਗੁਪਤਾ ’ਤੇ ਕਰੀਬ 41 ਸਾਲ ਉਮਰ ਦੇ ਰਾਜੇਸ਼ਭਾਈ ਖੀਮਜੀਭਾਈ ਰਾਜੇਸ਼ ਸਾਕਾਰੀਆ ਨੇ ‘ਹਮਲਾ’ ਕੀਤਾ। ਉਨ੍ਹਾਂ ਕਿਹਾ ਕਿ ਹਮਲਾਵਰ ਨੇ ਪਹਿਲਾਂ ਮੁੱਖ ਮੰਤਰੀ ਨੂੰ ਜਨਤਕ ਸੁਣਵਾਈ ਦੌਰਾਨ ਕੁਝ ਕਾਗਜ਼ਾਤ ਦਿੱਤੇ ਅਤੇ ਫਿਰ ਕਥਿਤ ਤੌਰ ’ਤੇ ਉਨ੍ਹਾਂ ਉੱਤੇ ਹਮਲਾ ਕੀਤਾ। ਮੁਲਜ਼ਮ ਰਾਜਕੋਟ, ਗੁਜਰਾਤ ਦਾ ਰਹਿਣ ਵਾਲਾ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਤੋਂ ਆਈਬੀ ਅਤੇ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਵੱਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।
ਪੁਲੀਸ ਸੂਤਰਾਂ ਨੇ ਦੱਸਿਆ ਕਿ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਹੈ। ਡੀਸੀਪੀ ਉੱਤਰੀ ਰਾਜਾ ਬੰਠੀਆ ਸਮੇਤ ਸੀਨੀਅਰ ਪੁਲੀਸ ਅਧਿਕਾਰੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ’ਤੇ ਪਹੁੰਚ ਗਏ।
ਭਾਜਪਾ ਦਿੱਲੀ ਦੇ ਮੁਖੀ ਵੀਰੇਂਦਰ ਸਚਦੇਵਾ ਨੇ ਕਿਹਾ ਕਿ ਮੁੱਖ ਮੰਤਰੀ ਠੀਕ ਹਨ ਅਤੇ ਉਨ੍ਹਾਂ ਦੇ ਮੱਥੇ ’ਤੇ ਮਾਮੂਲੀ ਸੱਟ ਲੱਗੀ ਹੈ। ਡਾਕਟਰਾਂ ਦੀ ਇੱਕ ਟੀਮ ਉਨ੍ਹਾਂ ਦੀ ਦੇਖਭਾਲ ਕਰ ਰਹੀ ਹੈ। ਸਚਦੇਵਾ ਨੇ ਕਿਹਾ ਕਿ ਮੁੱਖ ਮੰਤਰੀ ਆਪਣੇ ਨਿਰਧਾਰਿਤ ਪ੍ਰੋਗਰਾਮਾਂ ਨੂੰ ਜਾਰੀ ਰੱਖਣਗੇ। ਸਚਦੇਵਾ ਨੇ ਕਿਹਾ ਕਿ ਜਾਂਚ ਤੋਂ ਹਮਲੇ ਪਿਛਲੇ ਅਸਲ ਕਾਰਨ ਦਾ ਪਤਾ ਲੱਗੇਗਾ। ਉਨ੍ਹਾਂ ਕਿਹਾ ਕਿ ਇਹ ਹਮਲਾ ‘ਜਨ ਸੁਣਵਾਈ’ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ। ਹਮਲੇ ਮਗਰੋਂ ਸ਼ਹਿਰ ਭਰ ਦੇ ਸਿਆਸਤਦਾਨਾਂ ਨੇ ਹਮਲੇ ਦੀ ਨਿੰਦਾ ਕੀਤੀ ਹੈ।
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ’ਤੇ ਹਮਲੇ ਦੇ ਮਾਮਲੇ ’ਚ ਹਿਰਾਸਤ ਵਿੱਚ ਲਏ ਗਏ ਰਾਜੇਸ਼ ਸਾਕਾਰੀਆ ਦੇ ਘਰ ’ਤੇ ਰਾਜਕੋਟ ਪੁਲਿਸ ਪਹੁੰਚੀ ਅਤੇ ਉਸ ਦੀ ਮਾਤਾ ਭਾਨੂਬੇਨ ਸਾਕਾਰੀਆ ਤੋਂ ਪੁੱਛਗਿੱਛ ਕੀਤੀ।
ਬਾਅਦ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਨੂਬੇਨ ਨੇ ਦਾਅਵਾ ਕੀਤਾ ਕਿ ਉਸਦਾ ਪੁੱਤਰ, ਜੋ ਕਿ ਆਟੋ-ਰਿਕਸ਼ਾ ਚਾਲਕ ਹੈ, ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸੰਬੰਧਤ ਨਹੀਂ। ਉਸਨੇ ਕਿਹਾ ਕਿ ਰਾਜੇਸ਼ ਜਾਨਵਰ ਪ੍ਰੇਮੀ ਹੈ ਅਤੇ ਸੁਪਰੀਮ ਕੋਰਟ ਦੇ ਹਾਲੀਆ ਆਦੇਸ਼—ਜਿਸ ਵਿੱਚ ਦਿੱਲੀ ਦੇ ਸਾਰੇ ਆਵਾਰਾ ਕੁੱਤਿਆਂ ਨੂੰ ਆਸਰਾ ਸਥਾਨਾਂ ਵਿੱਚ ਭੇਜਣ ਦੀ ਗੱਲ ਕਹੀ ਗਈ ਸੀ—ਦੇ ਵਿਰੋਧ ਵਿੱਚ ਪ੍ਰਦਰਸ਼ਨ ਲਈ ਦਿੱਲੀ ਗਿਆ ਸੀ।
ਭਾਨੂਬੇਨ ਨੇ ਕਿਹਾ, “ਉਹ ਕੁੱਤਿਆਂ, ਗਾਵਾਂ ਤੇ ਪੰਛੀਆਂ ਨਾਲ ਬਹੁਤ ਪਿਆਰ ਕਰਦਾ ਹੈ। ਕੋਰਟ ਦੇ ਫ਼ੈਸਲੇ ਤੋਂ ਬਾਅਦ ਉਹ ਨਾਰਾਜ਼ ਸੀ। ਕੁਝ ਦਿਨ ਪਹਿਲਾਂ ਉਹ ਹਰਿਦੁਆਰ ਗਿਆ ਸੀ ਅਤੇ ਫਿਰ ਫ਼ੋਨ ’ਤੇ ਸਾਨੂੰ ਦੱਸਿਆ ਕਿ ਉਹ ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਵੇਗਾ। ਜਦੋਂ ਅਸੀਂ ਪੁੱਛਿਆ ਕਿ ਕਦੋਂ ਵਾਪਸ ਆਵੇਗਾ, ਉਸਨੇ ਸਪਸ਼ਟ ਨਹੀਂ ਦੱਸਿਆ।”
ਹਮਲੇ ਤੋਂ ਆਪਣੇ X ਹੈਂਡਲ ਤੇ ਲਿਖਦੇ ਹੋਏ ਦਿੱਲੀ ਦੀ ਮੁੱਖਮੰਤਰੀ ਨੇ ਕਿਹਾ ਕਿ, “ਅੱਜ ਸਵੇਰੇ ਜਨ ਸੁਨਵਾਈ ਦੌਰਾਨ ਮੇਰੇ ‘ਤੇ ਹਮਲਾ ਨਾ ਸਿਰਫ਼ ਮੇਰੇ ‘ਤੇ, ਸਗੋਂ ਦਿੱਲੀ ਅਤੇ ਜਨਤਾ ਦੀ ਭਲਾਈ ਦੀ ਸੇਵਾ ਕਰਨ ਦੇ ਸਾਡੇ ਸੰਕਲਪ ‘ਤੇ ਵੀ ਇੱਕ ਕਾਇਰਤਾਪੂਰਨ ਕੋਸ਼ਿਸ਼ ਹੈ।
ਸੁਭਾਵਿਕ ਤੌਰ ‘ਤੇ, ਇਸ ਹਮਲੇ ਤੋਂ ਬਾਅਦ ਮੈਂ ਸਦਮੇ ਵਿੱਚ ਸੀ, ਪਰ ਹੁਣ ਮੈਂ ਬਿਹਤਰ ਮਹਿਸੂਸ ਕਰ ਰਿਹਾ ਹਾਂ। ਮੈਂ ਆਪਣੇ ਸਾਰੇ ਸ਼ੁਭਚਿੰਤਕਾਂ ਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਮੈਨੂੰ ਮਿਲਣ ਦੀ ਖੇਚਲ ਨਾ ਕਰੋ। ਮੈਂ ਬਹੁਤ ਜਲਦੀ ਤੁਹਾਡੇ ਵਿਚਕਾਰ ਕੰਮ ਕਰਦੀ ਦਿਖਾਈ ਦੇਵਾਂਗੀ।
ਅਜਿਹੇ ਹਮਲੇ ਕਦੇ ਵੀ ਮੇਰੀ ਭਾਵਨਾ ਅਤੇ ਜਨਤਾ ਦੀ ਸੇਵਾ ਕਰਨ ਦੇ ਸੰਕਲਪ ਨੂੰ ਨਹੀਂ ਤੋੜ ਸਕਦੇ। ਹੁਣ ਮੈਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਊਰਜਾ ਅਤੇ ਸਮਰਪਣ ਨਾਲ ਤੁਹਾਡੇ ਵਿਚਕਾਰ ਰਹਾਂਗੀ।
ਜਨ ਸੁਨਵਾਈ ਅਤੇ ਜਨਤਾ ਦੀਆਂ ਸਮੱਸਿਆਵਾਂ ਦਾ ਹੱਲ ਪਹਿਲਾਂ ਵਾਂਗ ਹੀ ਗੰਭੀਰਤਾ ਅਤੇ ਵਚਨਬੱਧਤਾ ਨਾਲ ਜਾਰੀ ਰਹੇਗਾ। ਤੁਹਾਡਾ ਵਿਸ਼ਵਾਸ ਅਤੇ ਸਮਰਥਨ ਮੇਰੀ ਸਭ ਤੋਂ ਵੱਡੀ ਤਾਕਤ ਹੈ।
ਮੈਂ ਤੁਹਾਡੇ ਬੇਅੰਤ ਪਿਆਰ, ਆਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਲਈ ਦਿਲੋਂ ਧੰਨਵਾਦ ਕਰਦੀ ਹਾਂ”।
ਇੱਥੇ ਇਹ ਜ਼ਿਕਰਯੋਗ ਹੈ ਕਿ ਪਹਿਲਾਂ ਦਿੱਲੀ ਦੇ ਵਿਚ ਜਦ ਦਿੱਲੀ ਦੇ ਸਾਬਕਾ ਮੁੱਖਮੰਤਰੀ ਅਰਵਿੰਦ ਕੇਜ਼ਰੀਵਾਲ ਉੱਤੇ ਇਸ ਤਰੀਕ਼ੇ ਦੇ ਤਿੰਨ ਤੋਂ ਵੱਧ ਹਮਲੇ ਹੋਏ ਤਾ ਉਸ ਉੱਤੇ ਰਾਜਨੀਤੀ ਕਰਦੇ ਹੋਏ ਬੀਜੇਪੀ ਉਸ ਨੂੰ ਸਿਰਫ਼ ਲੋਕਾਂ ਦੇ ਗੁੱਸਾ ਦੱਸਦੀ ਸੀ ਅੱਜ ਜੱਦ ਆਪਣੀ ਪਾਰਟੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਹੋਏ ਹਮਲੇ ਤੋਂ ਬਾਅਦ ਤੁਰੰਤ ਮੁਲਜ਼ਮ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਹੈ।