Asia

ਮੱਧ ਪ੍ਰਦੇਸ਼ ਵਿੱਚ ਐਨਆਰਆਈ ਸਿੱਖ ਪਰਿਵਾਰ ’ਤੇ ਹਮਲਾ, ਭਾਈਚਾਰੇ ਵਿੱਚ ਰੋਸ

Published

on

ਭਿੰਡ (ਮ.ਪ.) – ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਦੇ ਗੋਹਾੜ ਤਹਿਸੀਲ ਵਿੱਚ ਵੀਰਵਾਰ ਨੂੰ ਲੰਡਨ ਵਸਦੇ ਇੱਕ ਐਨਆਰਆਈ ਸਿੱਖ ਪਰਿਵਾਰ ਤੇ ਹੋਏ ਹਮਲੇ ਨੇ ਸਿੱਖ ਭਾਈਚਾਰੇ, ਐਨਆਰਆਈ ਭਾਈਚਾਰੇ ਵਿੱਚ ਭਾਰੀ ਗੁੱਸਾ ਪੈਦਾ ਕਰ ਦਿੱਤਾ ਹੈ। ਡਾ. ਵਿਕਰਮਜੀਤ ਸਿੰਘ ਆਪਣੀ ਪਤਨੀ ਰਾਜਵੀਰ ਕੌਰ, ਧੀ ਰਵਨੀਤ ਕੌਰ ਅਤੇ ਪੁੱਤਰ ਰੋਹਨਪ੍ਰੀਤ ਸਿੰਘ ਨਾਲ ਆਪਣੇ ਪੈਤ੍ਰਕ ਪਿੰਡ ਫਤਿਹਪੁਰ ਜਾ ਰਹੇ ਸਨ।

ਜਾਣਕਾਰੀ ਅਨੁਸਾਰ, ਸਟੇਸ਼ਨ ਰੋਡ ’ਤੇ ਖਰੀਦਦਾਰੀ ਦੌਰਾਨ ਗੋਹਾੜ ਪੁਲਿਸ ਥਾਣੇ ਦਾ ਕਾਂਸਟੇਬਲ ਕੁਲਦੀਪ ਕੁਸ਼ਵਾਹਾ (ਸਾਦੇ ਕੱਪੜਿਆਂ ਵਿੱਚ) ਪਰਿਵਾਰ ਨਾਲ ਬਹਿਸ ਵਿੱਚ ਉਤਰ ਪਿਆ ਅਤੇ ਕਾਰ ਦੀ ਵੀਡੀਓ ਬਣਾਉਣ ਲੱਗ ਪਿਆ। ਡਾ. ਵਿਕਰਮਜੀਤ ਵੱਲੋਂ ਇਤਰਾਜ਼ ਕਰਨ ’ਤੇ ਕਾਂਸਟੇਬਲ ਨੇ ਭੱਦੀ ਭਾਸ਼ਾ ਵਰਤਣ ਅਤੇ ਧਮਕੀਆਂ ਦੇਣ ਦੇ ਦੋਸ਼ ਹਨ।

ਪਰਿਵਾਰ ਦੇ ਦਾਅਵੇ ਅਨੁਸਾਰ, ਕੁਸ਼ਵਾਹਾ ਨੇ ਕਿਸੇ ਨੂੰ ਹਥਿਆਰਾਂ ਨਾਲ ਆਉਣ ਲਈ ਫ਼ੋਨ ਕੀਤਾ, ਜਿਸ ਤੋਂ ਬਾਅਦ ਉਹ ਡਰ ਕਰਕੇ ਰਵਾਨਾ ਹੋਏ। ਪਰ ਸਟੇਸ਼ਨ ਰੋਡ ਅਤੇ ਫਤਿਹਪੁਰ ਪਿੰਡ ਦੇ ਵਿਚਕਾਰ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੀ ਕਾਰ ’ਤੇ ਡੰਡਿਆਂ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਰੋਹਨਪ੍ਰੀਤ ਦੇ ਚਿਹਰੇ ਤੇ ਅਤੇ ਰਵਨੀਤ ਦੇ ਹੱਥ ’ਤੇ ਚੋਟਾਂ ਆਈਆਂ, ਜਦਕਿ ਕਾਰ ਦੇ ਸ਼ੀਸ਼ੇ ਵੀ ਟੁੱਟ ਗਏ। ਘਟਨਾ ਦੀ ਵੀਡੀਓ ਸ਼ੁੱਕਰਵਾਰ ਨੂੰ ਵਾਇਰਲ ਹੋ ਗਈ।

ਡਾ. ਵਿਕਰਮਜੀਤ ਦਾ ਦੋਸ਼ ਹੈ ਕਿ ਪੁਲਿਸ ਨੇ ਸ਼ਿਕਾਇਤ ਦਰਜ ਕਰਨ ਦੀ ਬਜਾਏ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਪਰਿਵਾਰ ਨੇ ਇਸ ਘਟਨਾ ਦੀ ਜਾਣਕਾਰੀ ਲੰਡਨ ਸਥਿਤ ਭਾਰਤੀ ਦੂਤਾਵਾਸ ਨੂੰ ਵੀ ਦਿੱਤੀ ਹੈ।

Advertisement

ਸਿੱਖ ਭਾਈਚਾਰੇ ਨੇ ਕੁਸ਼ਵਾਹਾ ’ਤੇ ਹਮਲੇ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਹੈ ਅਤੇ ਸਟੇਸ਼ਨ ਇੰਚਾਰਜ ਦੇ ਤਬਾਦਲੇ ਸਮੇਤ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਸ਼ਨੀਵਾਰ ਨੂੰ ਇੱਕ ਦਰਜਨ ਤੋਂ ਵੱਧ ਪਿੰਡਾਂ ਦੇ 200 ਤੋਂ ਵੱਧ ਲੋਕਾਂ ਨੇ ਗੋਹਾੜ ਪੁਲਿਸ ਥਾਣੇ ਦਾ ਘਿਰਾਓ ਕਰਕੇ ਇਨਸਾਫ਼ ਦੀ ਮੰਗ ਕੀਤੀ। ਇਸ ਦੌਰਾਨ ‘ਵਾਹਿਗੁਰੂ’ ਦੇ ਨਾਅਰੇ ਲਗੇ ਅਤੇ ਸਥਾਨਕ ਵਿਧਾਇਕ ਕੇਸ਼ਵ ਦੇਸਾਈ ਨੇ ਵੀ ਭਾਗ ਲਿਆ।

ਭਿੰਡ ਦੇ ਐਸਪੀ ਅਸਿਤ ਯਾਦਵ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਾਂਸਟੇਬਲ ਕੁਸ਼ਵਾਹਾ ਨੂੰ ਲਾਈਨ ਅਟੈਚ ਕਰ ਦਿੱਤਾ ਅਤੇ ਅਣਪਛਾਤੇ ਹਮਲਾਵਰਾਂ ਵਿਰੁੱਧ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਹਮਲਾ ਨਹੀਂ ਸਗੋਂ ‘ਗਲਤਫਹਿਮੀ’ ਸੀ।

ਪ੍ਰਦਰਸ਼ਨਕਾਰੀਆਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਸਟੇਸ਼ਨ ਇੰਚਾਰਜ ਦਾ ਤਬਾਦਲਾ ਅਤੇ ਕੁਸ਼ਵਾਹਾ ਵਿਰੁੱਧ ਐਫਆਈਆਰ ਨਹੀਂ ਹੁੰਦੀ, ਉਹ ਅੰਦੋਲਨ ਜਾਰੀ ਰੱਖਣਗੇ।

ਇਸ ਘਟਨਾ ਨੇ ਸਥਾਨਕ ਪੁਲਿਸ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ ਅਤੇ ਮਾਮਲਾ ਰਾਸ਼ਟਰੀ ਪੱਧਰ ’ਤੇ ਗਰਮਾਇਆ ਹੋਇਆ ਹੈ।

Advertisement

Leave a Reply

Your email address will not be published. Required fields are marked *

Trending

Exit mobile version