Asia
ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਬੀਬੀ ਖਾਲੜਾ ਨਹੀਂ ਲੜਨਗੇ ਚੋਣ।
ਤਰਨਤਾਰਨ ਵਿੱਚ ਹੋਣ ਵਾਲੀਆਂ ਉਪ-ਚੋਣਾਂ ਤੋਂ ਪਹਿਲਾਂ ਭਾਈ ਅਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਵੱਡਾ ਝਟਕਾ ਲੱਗਿਆ ਹੈ। ਪਾਰਟੀ ਦੀ ਸੰਭਾਵਿਤ ਉਮੀਦਵਾਰ ਵਜੋਂ ਚਰਚਾ ਵਿੱਚ ਰਹੀ ਹਿਊਮਨ ਰਾਈਟਸ ਐਕਟਿਵਿਸਟ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਚੋਣ ਮੈਦਾਨ ਵਿੱਚ ਉਤਰਣ ਤੋਂ ਇਨਕਾਰ ਕਰ ਦਿੱਤਾ ਹੈ।
ਅੱਜ ਤਰਨਤਾਰਨ ਵਿੱਚ ਹੋਈ ਪਾਰਟੀ ਮੀਟਿੰਗ ਦੌਰਾਨ ਇਹ ਸਪਸ਼ਟ ਹੋ ਗਿਆ ਕਿ ਬੀਬੀ ਪਰਮਜੀਤ ਕੌਰ ਖਾਲੜਾ ਆਉਣ ਵਾਲੀਆਂ ਉਪ-ਚੋਣਾਂ ਨਹੀਂ ਲੜੇਗੀ। ਬੀਬੀ ਖਾਲੜਾ ਨੇ ਸਪੱਸ਼ਟ ਕੀਤਾ ਕਿ ਚੋਣ ਲੜਨਾ ਉਨ੍ਹਾਂ ਦਾ ਪੇਸ਼ਾ ਨਹੀਂ ਹੈ, ਸਗੋਂ 2019 ਵਿੱਚ ਖ਼ਾਸ ਹਾਲਾਤਾਂ ਵਿੱਚ ਹੀ ਉਹ ਚੋਣ ਮੈਦਾਨ ਵਿੱਚ ਉਤਰੇ ਸਨ। ਉਸ ਸਮੇਂ ਉਹਨਾਂ ਨੇ “ਪਾਪੀਆਂ ਦਾ ਚਿਹਰਾ ਬੇਨਕਾਬ ਕਰਨ” ਦੇ ਮਕਸਦ ਨਾਲ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਵਿੱਚ ਹਿੱਸਾ ਲਿਆ ਸੀ।
ਇਸੇ ਦੌਰਾਨ, ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਵੀ ਆਪਣਾ ਪੁਰਾਣਾ ਬਿਆਨ ਵਾਪਸ ਲੈ ਲਿਆ। ਉਹਨਾਂ ਸਪਸ਼ਟ ਕੀਤਾ ਕਿ ਬੀਬੀ ਖਾਲੜਾ ਨੂੰ ਪਾਰਟੀ ਦਾ ਅਧਿਕਾਰਕ ਉਮੀਦਵਾਰ ਐਲਾਨਿਆ ਨਹੀਂ ਗਿਆ ਸੀ, ਸਗੋਂ ਕੇਵਲ ਉਨ੍ਹਾਂ ਨੂੰ ਪਾਰਟੀ ਦੀ “ਪਹਿਲੀ ਪਸੰਦ” ਕਿਹਾ ਗਿਆ ਸੀ।
2019 ਦੀ ਲੋਕ ਸਭਾ ਚੋਣ:
ਯਾਦ ਰਹੇ ਕਿ ਬੀਬੀ ਪਰਮਜੀਤ ਕੌਰ ਖਾਲੜਾ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਖਡੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਇਸ ਚੋਣ ਵਿੱਚ ਉਹਨਾਂ ਨੂੰ ਕਰੀਬ 2,14,000 ਵੋਟਾਂ ਮਿਲੀਆਂ ਸਨ ਅਤੇ ਉਹ ਤੀਜੇ ਸਥਾਨ ’ਤੇ ਰਹੇ ਸਨ। ਬੀਬੀ ਖਾਲੜਾ ਦੇ ਪਤੀ ਸ਼ਹੀਦ ਜਸਵੰਤ ਸਿੰਘ ਖਾਲੜਾ ਨੇ 1980–90 ਦੇ ਦਹਾਕੇ ਦੌਰਾਨ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿਰੁੱਧ ਅਵਾਜ਼ ਬੁਲੰਦ ਕੀਤੀ ਸੀ।