Asia
ਕੈਨੇਡਾ ’ਚ ਖੰਨਾ ਦੇ ਪੰਜਾਬੀ ਨੌਜਵਾਨ ਦੀ ਭੇਤਭਰੀ ਹਾਲਤ ’ਚ ਮੌਤ
ਕਰਜ਼ੇ ਦੀ ਕੀਮਤ ਆਪਣੀ ਜਾਨ ਦੇ ਕੇ ਕੀਤੀ ਪੂਰੀ
ਖੰਨਾ ਦੇ ਨੇੜਲੇ ਪਿੰਡ ਭੁਮੱਦੀ ਨਾਲ ਸਬੰਧਤ 22 ਸਾਲਾ ਨੌਜਵਾਨ ਉਦੈਵੀਰ ਸਿੰਘ ਕੈਨੇਡਾ ਵਿੱਚ ਭੇਦਭਰੀ ਹਾਲਾਤਾਂ ਵਿੱਚ ਮ੍ਰਿਤਕ ਪਾਇਆ ਗਿਆ। ਉਸ ਦੀ ਲਾਸ਼ ਸਰੀ (Surrey) ਦੇ ਚਿਮਨੀ ਹਿੱਲ ਪਾਰਕ ਵਿੱਚ ਝੂਲੇ ਦੇ ਪੋਲ ਨਾਲ ਲਟਕਦੀ ਮਿਲੀ। ਮੁੱਢਲੇ ਅੰਦਾਜ਼ੇ ਅਨੁਸਾਰ ਮਾਮਲਾ ਖੁਦਕੁਸ਼ੀ ਦਾ ਜਾਪਦਾ ਹੈ, ਹਾਲਾਂਕਿ ਸਥਾਨਕ ਪੁਲਿਸ ਵੱਲੋਂ ਅਜੇ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ।
ਸਰੋਤਾਂ ਅਨੁਸਾਰ, ਉਦੈਵੀਰ ਤਿੰਨ ਸਾਲ ਪਹਿਲਾਂ ਚੰਗੇ ਭਵਿੱਖ ਦੀ ਉਮੀਦ ਨਾਲ ਕੈਨੇਡਾ ਗਿਆ ਸੀ। ਇਸ ਦੌਰਾਨ ਉਹ ਇੱਕ ਕਾਰ ਏਜੰਟ ਦੇ ਝਾਂਸੇ ਵਿੱਚ ਫਸ ਗਿਆ, ਜਿਸ ਨੇ ਉਸ ਦੇ ਨਾਮ ’ਤੇ ਮਹਿੰਗੀ ਮੁਸਤਾਂਗ ਕਾਰ ਲੋਨ ਕਰਵਾ ਦਿੱਤਾ। ਕਿਸ਼ਤਾਂ ਨਾ ਭਰਨ ਕਾਰਨ ਉਹ ਗੰਭੀਰ ਆਰਥਿਕ ਤੰਗੀ ਵਿੱਚ ਫਸ ਗਿਆ। ਦੋਸਤਾਂ ਦੇ ਮੁਤਾਬਕ, ਏਜੰਟ ਵੱਲੋਂ ਲਗਾਤਾਰ ਦਬਾਅ ਅਤੇ ਧਮਕੀਆਂ ਕਾਰਨ ਉਦੈਵੀਰ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿਣ ਲੱਗਾ ਅਤੇ ਆਖ਼ਰ ਇਹ ਖ਼ੌਫਨਾਕ ਕਦਮ ਚੁੱਕ ਬੈਠਾ।
ਇਸ ਘਟਨਾ ਬਾਰੇ ਫੇਸਬੁੱਕ ਪੇਜ਼ ‘ਪੱਕੇ ਆਸਟ੍ਰੇਲੀਆ ਵਾਲੇ’ ’ਤੇ ਵੀ ਲਿਖਿਆ ਗਿਆ ਕਿ ਉਦੈਵੀਰ ਇੱਕ ਹੁਸ਼ਿਆਰ ਅਤੇ ਦਿਆਲੂ ਨੌਜਵਾਨ ਸੀ ਜੋ ਆਪਣੀ ਪੜ੍ਹਾਈ ਪੂਰੀ ਕਰਨ ਦੇ ਨੇੜੇ ਸੀ। ਪੇਜ਼ ਨੇ ਦੁੱਖ ਜ਼ਾਹਰ ਕਰਦੇ ਹੋਏ ਲਿਖਿਆ ਕਿ ਉਹ ਕਾਰ ਲੋਨ ਦੇ ਬੋਝ ਕਾਰਨ ਤਣਾਅ ਦਾ ਸ਼ਿਕਾਰ ਸੀ। ਇਸ ਪੋਸਟ ਰਾਹੀਂ ਵਿਦੇਸ਼ੀ ਵਿਦਿਆਰਥੀਆਂ ਦਾ ਸ਼ੋਸ਼ਣ ਕਰਨ ਵਾਲੇ ਕਾਰੋਬਾਰੀਆਂ ਨੂੰ ਹਮਦਰਦੀ ਅਤੇ ਇਮਾਨਦਾਰੀ ਨਾਲ ਪੇਸ਼ ਆਉਣ ਦੀ ਅਪੀਲ ਵੀ ਕੀਤੀ ਗਈ ਹੈ।
ਇਸ ਮੌਤ ਦੀ ਖ਼ਬਰ ਨਾਲ ਪਿੰਡ ਭੁਮੱਦੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰ ਅਤੇ ਪਿੰਡ ਵਾਸੀ ਗਹਿਰੇ ਦੁੱਖ ਵਿੱਚ ਹਨ। ਇਸ ਵੇਲੇ ਉਦੈਵੀਰ ਦੀ ਲਾਸ਼ ਨੂੰ ਵਾਪਸ ਪੰਜਾਬ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪਰਿਵਾਰ ਨੇ ਪੰਜਾਬ ਸਰਕਾਰ ਅਤੇ ਭਾਰਤੀ ਹਾਈ ਕਮਿਸ਼ਨ ਨੂੰ ਅਰਜ਼ੀ ਕੀਤੀ ਹੈ ਕਿ ਉਸ ਦਾ ਅੰਤਿਮ ਸੰਸਕਾਰ ਜਲਦੀ ਪਿੰਡ ਵਿੱਚ ਕਰਵਾਇਆ ਜਾਵੇ।
ਉਦੈਵੀਰ ਦੇ ਪਰਿਵਾਰ ਦੀ ਮੱਦਦ ਲਈ ਸਤਨਾਮ ਸਿੰਘ ਔਜਲਾ ਦੇ ਨਾਮ ਦੇ ਵਿਅਕਤੀ ਵਲੋਂ ਇੱਕ #gofundme ਸ਼ੁਰੂ ਕੀਤਾ ਗਿਆ ਹੈ https://www.gofundme.com/f/udayveer-singh