Asia
ਬਰੈਂਪਟਨ ’ਚ ਭਾਰਤੀ ਮੂਲ ਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, ਇੱਕ ਹੋਰ ਗੰਭੀਰ ਜ਼ਖ਼ਮੀ
ਬਰੈਂਪਟਨ (ਕੈਨੇਡਾ), ਅਗਸਤ 2025 – ਬਹੁਗਿਣਤੀ ਭਾਰਤੀ ਵਸਨੀਕੀ ਵਾਲੇ ਕੈਨੇਡੀਅਨ ਸ਼ਹਿਰ ਬਰੈਂਪਟਨ ਵਿੱਚ ਅਣਪਛਾਤੇ ਹਮਲਾਵਰਾਂ ਨੇ ਘਰ ਅੰਦਰ ਦਾਖ਼ਲ ਹੋ ਕੇ ਗੋਲੀਬਾਰੀ ਕੀਤੀ, ਜਿਸ ਨਾਲ ਟਰੱਕ ਕਾਰੋਬਾਰੀ ਭਾਰਤੀ ਮੂਲ ਦੇ ਨੌਜਵਾਨ ਸੋਨੂੰ ਚੱਠਾ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋਇਆ ਹੈ। ਜ਼ਖ਼ਮੀ ਨੂੰ ਨਾਜ਼ੁਕ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਪੀਲ ਪੁਲੀਸ ਦੀ ਤਰਜਮਾਨ ਸਾਰਾਹ ਪੈਟਨ ਨੇ ਜਾਣਕਾਰੀ ਦਿੱਤੀ ਕਿ ਇਹ ਵਾਰਦਾਤ ਦੇਰ ਰਾਤ ਕੈਸਲਮੋਰ ਰੋਡ ਨੇੜੇ ਹੰਬਰਵੈਸਟ ਪਾਰਕਵੇਅ ’ਤੇ ਇਕ ਘਰ ਵਿੱਚ ਵਾਪਰੀ। ਪੁਲੀਸ ਮੌਕੇ ’ਤੇ ਪਹੁੰਚੀ ਤਾਂ ਦੋ ਵਿਅਕਤੀ ਗੋਲੀਆਂ ਨਾਲ ਗੰਭੀਰ ਜ਼ਖ਼ਮੀ ਮਿਲੇ, ਜਿਨ੍ਹਾਂ ’ਚੋਂ ਸੋਨੂੰ ਚੱਠਾ ਦੀ ਮੌਕੇ ’ਤੇ ਹੀ ਮੌਤ ਹੋ ਚੁੱਕੀ ਸੀ। ਦੂਜੇ ਭਾਰਤੀ ਮੂਲ ਦੇ ਨਾਗਰਿਕ ਦੀ ਪਛਾਣ ਅਜੇ ਨਹੀਂ ਦੱਸੀ ਗਈ ।
ਪੁਲੀਸ ਅਨੁਸਾਰ, ਮੁੱਢਲੇ ਇਸ਼ਾਰੇ ਦਰਸਾਉਂਦੇ ਹਨ ਕਿ ਇਹ ਹਮਲਾ ਰੰਜਿਸ਼ੀ ਗੋਲੀਬਾਰੀ ਦਾ ਨਤੀਜਾ ਹੈ। ਵਾਰਦਾਤ ਮਗਰੋਂ ਹਮਲਾਵਰ ਕਾਰ ਵਿੱਚ ਫ਼ਰਾਰ ਹੋ ਗਏ। ਪੁਲੀਸ ਨੇ ਖੇਤਰ ਦੇ ਰਹਿਣ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨਿਗਰਾਨੀ ਕੈਮਰੇ ਚੈਕ ਕਰਨ ਅਤੇ ਘਟਨਾ ਸੰਬੰਧੀ ਫੁਟੇਜ ਸਾਂਝੀ ਕਰਨ, ਤਾਂ ਜੋ ਦੋਸ਼ੀਆਂ ਦੀ ਪਹਿਚਾਣ ਕੀਤੀ ਜਾ ਸਕੇ।
ਘਟਨਾ ਤੋਂ ਕੁਝ ਘੰਟਿਆਂ ਬਾਅਦ ਹੀ ਇਸ ਹੱਤਿਆ ਦੀ ਜ਼ਿੰਮੇਵਾਰੀ ਬਿਸ਼ਨੋਈ ਗਰੁੱਪ ਵੱਲੋਂ ਲਏ ਜਾਣ ਦੀਆਂ ਖ਼ਬਰਾਂ ਚੱਲਦੀਆਂ ਰਹੀਆਂ, ਹਾਲਾਂਕਿ ਖ਼ਬਰ ਲਿਖੇ ਜਾਣ ਤੱਕ ਇਸਦੀ ਅਧਿਕਾਰਕ ਪੁਸ਼ਟੀ ਨਹੀਂ ਹੋ ਸਕੀ ਸੀ।