Asia
ਸੰਤ ਬਲਜਿੰਦਰ ਸਿੰਘ ਰਾੜਾ ਸਾਹਿਬ ਦਾ ਅਕਾਲ ਚਲਾਣਾ, ਸਿੱਖ ਜਗਤ ‘ਚ ਸੋਗ
ਰਾੜਾ ਸਾਹਿਬ ਸੰਪਰਦਾਇ ਦੇ ਮੁਖੀ, ਗੁਰ ਇਤਿਹਾਸ ਦੇ ਖੋਜੀ ਤੇ ਪ੍ਰਸਿੱਧ ਸਿੱਖ ਪ੍ਰਚਾਰਕ ਸੰਤ ਬਲਜਿੰਦਰ ਸਿੰਘ ਜੀ ਬੀਤੀ ਰਾਤ ਅਕਾਲ ਚਲਾਣਾ ਕਰ ਗਏ। ਮਿਲੀ ਜਾਣਕਾਰੀ ਅਨੁਸਾਰ, ਗੁਰਦੁਆਰਾ ਰਾੜਾ ਸਾਹਿਬ ਦੇ ਬਾਨੀ ਸੰਤ ਈਸ਼ਰ ਸਿੰਘ ਜੀ ਦੀ 50ਵੀਂ ਸਾਲਾਨਾ ਬਰਸੀ ਸਮਾਗਮ ਦੇ ਪਹਿਲੇ ਦਿਨ ਦੇ ਦੀਵਾਨ ਤੋਂ ਬਾਅਦ ਰਾਤ 11:30 ਵਜੇ ਉਹ ਆਪਣੇ ਕਮਰੇ ਵਿੱਚ ਅਰਾਮ ਲਈ ਗਏ ਸਨ। ਕਰੀਬ ਰਾਤ 1 ਵਜੇ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ ਆਈ ਤੇ ਤੁਰੰਤ ਗੁਰਦੁਆਰੇ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ। ਹਾਲਤ ਨਾਜ਼ੁਕ ਹੋਣ ’ਤੇ ਉਨ੍ਹਾਂ ਨੂੰ ਫੋਰਟੀਸ ਹਸਪਤਾਲ, ਲੁਧਿਆਣਾ ਰੈਫਰ ਕੀਤਾ ਗਿਆ, ਪਰ ਰਾਹ ਵਿਚ ਹੀ ਉਨ੍ਹਾਂ ਨੇ ਸਰੀਰ ਤਿਆਗ ਦਿੱਤਾ।
ਇਸ ਖ਼ਬਰ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਅੱਜ ਸੰਤ ਬਲਜਿੰਦਰ ਸਿੰਘ ਜੀ ਦੀ ਪਵਿੱਤਰ ਦੇਹ ਸੰਗਤਾਂ ਦੇ ਦਰਸ਼ਨ ਲਈ ਰੱਖੀ ਗਈ ਹੈ।
ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਸ਼ਰਧਾਂਜਲੀ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੰਤ ਬਲਜਿੰਦਰ ਸਿੰਘ ਜੀ ਨੇ ਆਪਣੀ ਪੂਰੀ ਉਮਰ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ, ਗੁਰਬਾਣੀ ਨਾਲ ਅਟੁੱਟ ਪ੍ਰੇਮ ਅਤੇ ਕੌਮੀ ਸੇਵਾ ਲਈ ਸਮਰਪਿਤ ਕੀਤੀ। ਉਹ ਸਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਹਿਯੋਗ ਕਰਦੇ ਰਹੇ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾਵਾਂ ਨਿਭਾਉਂਦੇ ਰਹੇ।
ਉਨ੍ਹਾਂ ਵੱਲੋਂ ਤਿਆਰ ਕੀਤਾ ਗਿਆ ਗੁਰਬਾਣੀ ਸਾਫਟਵੇਅਰ “ਈਸ਼ਰ ਮਾਈਕਰੋ ਮੀਡੀਆ” ਸਿੱਖ ਕੌਮ ਲਈ ਇਕ ਵੱਡਾ ਯੋਗਦਾਨ ਹੈ, ਜਿਸ ਰਾਹੀਂ ਦੁਨੀਆ ਭਰ ਦੇ ਸਿੱਖ ਪਰਿਵਾਰ ਗੁਰਬਾਣੀ ਨਾਲ ਜੁੜੇ।
ਜਥੇਦਾਰ ਗੜਗੱਜ ਨੇ ਕਿਹਾ ਕਿ ਸੰਤ ਬਲਜਿੰਦਰ ਸਿੰਘ ਦੀ ਨਿਮਰਤਾ, ਉੱਚ ਆਦਰਸ਼ਾਂ ਲਈ ਨਿਸ਼ਠਾ ਅਤੇ ਗੁਰਬਾਣੀ ਨਾਲ ਡੂੰਘਾ ਪਿਆਰ ਹਮੇਸ਼ਾਂ ਯਾਦ ਕੀਤਾ ਜਾਵੇਗਾ। ਉਹ ਸਿਰਫ ਧਾਰਮਿਕ ਪ੍ਰਚਾਰਕ ਹੀ ਨਹੀਂ ਸਨ, ਸਗੋਂ ਨੌਜਵਾਨ ਪੀੜ੍ਹੀ ਨੂੰ ਗੁਰਮਤਿ ਸੰਗੀਤ ਅਤੇ ਗੁਰਮਤਿ ਰਹਿਣੀ ਨਾਲ ਜੋੜਨ ਵਾਲੇ ਪ੍ਰੇਰਕ ਮਾਰਗਦਰਸ਼ਕ ਵੀ ਸਨ।