Asia
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼
ਨਿੱਜੀ ਤੇ ਲਿਖਤੀ ਰੂਪ ਵਿੱਚ ਪੱਖ ਰੱਖਿਆ; ਪੰਜ ਸਿੰਘ ਸਾਹਿਬਾਨ ਦੀ ਅਗਾਮੀ ਇਕੱਤਰਤਾ ਵਿੱਚ ਹੋਵੇਗਾ ਫੈਸਲਾ
ਅੰਮ੍ਰਿਤਸਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਅਤੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕੋਲ ਆਪਣਾ ਪੱਖ ਨਿੱਜੀ ਅਤੇ ਲਿਖਤੀ ਰੂਪ ਵਿੱਚ ਪੇਸ਼ ਕੀਤਾ। ਅਕਾਲ ਤਖ਼ਤ ਵੱਲੋਂ ਉਨ੍ਹਾਂ ਨੂੰ 15 ਦਿਨਾਂ ਦੇ ਅੰਦਰ ਆਪਣਾ ਸਪਸ਼ਟੀਕਰਨ ਦੇਣ ਲਈ ਸੱਦਿਆ ਗਿਆ ਸੀ।
ਸ੍ਰੀ ਅਕਾਲ ਤਖ਼ਤ ਸਕੱਤਰਾਲੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਦੱਖਣ ਭਾਰਤ ਦੇ ਇਕ ਸਮਾਗਮ ਦੌਰਾਨ ਗੁਰਮਤਿ ਫ਼ਲਸਫ਼ੇ ਦੇ ਵਿਰੁੱਧ ਕੀਤੇ ਗਏ ਬਿਆਨ ਸਬੰਧੀ ਡਾ. ਕਰਮਜੀਤ ਸਿੰਘ ਵਿਰੁੱਧ ਕਈ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਇਸ ਮਾਮਲੇ ਸਬੰਧੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਹੁਕਮ ਅਨੁਸਾਰ ਉਨ੍ਹਾਂ ਨੂੰ ਅੱਜ ਹਾਜ਼ਰ ਹੋ ਕੇ ਆਪਣਾ ਪੱਖ ਰੱਖਣਾ ਪਿਆ।
ਇਹ ਵਿਵਾਦ ਪਿਛਲੇ ਮਹੀਨੇ 28 ਜੁਲਾਈ ਨੂੰ ਮੈਸੂਰੂ ਦੇ ਮਾਨਸਾਗੰਗੋਤ੍ਰੀ ਸਥਿਤ ਬੀ.ਐਨ.ਬੀ.ਆਈ.ਐਮ.ਐੱਸ. (BNBIMS) ਵਿਖੇ ਹੋਏ ‘ਗਿਆਨ ਸਭਾ – ਐਜੂਕੇਸ਼ਨ ਫਾਰ ਵਿਕਸਿਤ ਭਾਰਤ’ ਸਮਾਗਮ ਦੌਰਾਨ ਖੜ੍ਹਾ ਹੋਇਆ ਸੀ। ਇਸ ਪ੍ਰੋਗਰਾਮ ਦਾ ਆਯੋਜਨ ਆਰ.ਐਸ.ਐਸ.-ਸੰਬੰਧਿਤ ਸ਼ਿਕਸ਼ਾ ਸੰਸਕ੍ਰਿਤੀ ਉਤਥਾਨ ਨਿਆਸ ਅਤੇ ਅਮ੍ਰਿਤਾ ਵਿਸ਼ਵ ਵਿਦਿਆਪੀਠਮ ਵੱਲੋਂ ਕੀਤਾ ਗਿਆ ਸੀ।
ਸਮਾਗਮ ਦੀ ਇਕ ਵਾਇਰਲ ਵੀਡੀਓ ਵਿੱਚ ਡਾ. ਕਰਮਜੀਤ ਸਿੰਘ ਨੂੰ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਸਾਹਮਣੇ ਖੜ੍ਹ ਕੇ ਯੂਨੀਵਰਸਿਟੀ ਦੇ ਕੁਝ ਨਵੇਂ ਉਪਰਾਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਸੀ ਕਿ ਯੂਨੀਵਰਸਿਟੀ ਵਿੱਚ ਇੱਕ ਲਾਜ਼ਮੀ ਪੀਐਚ.ਡੀ. ਕੋਰਸ ‘ਭਾਰਤੀਯ ਪਰੰਪਰਾ’ (Indian Tradition) ਸ਼ੁਰੂ ਕੀਤਾ ਗਿਆ ਹੈ ਅਤੇ ਨਾਲ ਹੀ ਇੱਕ ਸਿੱਖ ਚੇਅਰ ਵੀ ਸਥਾਪਤ ਕੀਤੀ ਗਈ ਹੈ ਜੋ ਰਿਗਵੇਦ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਆਪਸੀ ਸੰਬੰਧਾਂ ’ਤੇ ਖੋਜ ਕਰਨ ਲਈ ਕੰਮ ਕਰੇਗੀ।
ਇਸ ਘਟਨਾ ਤੋਂ ਬਾਅਦ ਵਿਆਪਕ ਨਿੰਦਾ ਹੋਈ ਅਤੇ ਅਕਾਲ ਤਖ਼ਤ ਸਾਹਿਬ ਵਿਖੇ ਸ਼ਿਕਾਇਤਾਂ ਦਰਜ ਹੋਈਆਂ, ਜਿਸ ਤੋਂ ਬਾਅਦ ਵਾਈਸ ਚਾਂਸਲਰ ਨੂੰ ਸਪਸ਼ਟੀਕਰਨ ਦੇਣ ਲਈ ਬੁਲਾਇਆ ਗਿਆ ਸੀ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬੁਲਾਰੇ ਨੇ ਦੱਸਿਆ ਕਿ ਇਹ ਮਾਮਲਾ ਹੁਣ ਪੰਜ ਸਿੰਘ ਸਾਹਿਬਾਨ ਦੀ ਅਗਾਮੀ ਇਕੱਤਰਤਾ ਵਿੱਚ ਰੱਖਿਆ ਜਾਵੇਗਾ ਅਤੇ ਉੱਥੇ ਹੀ ਅੰਤਿਮ ਫੈਸਲਾ ਲਿਆ ਜਾਵੇਗਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ.ਐੱਨ.ਡੀ.ਯੂ.) ਨੇ ਆਪਣੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੂੰ ਲੈ ਕੇ ਉੱਠੇ ਵਿਵਾਦ ‘ਤੇ ਸਪਸ਼ਟੀਕਰਨ ਦਿੱਤਾ ਹੈ। ਯੂਨੀਵਰਸਿਟੀ ਪ੍ਰਬੰਧਨ ਅਨੁਸਾਰ ਡਾ. ਸਿੰਘ ਮੈਸੂਰੂ ਵਿੱਚ ਹੋਏ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਗਏ ਸਨ, ਜਿਸਦਾ ਆਯੋਜਨ ਅਮ੍ਰਿਤਾ ਯੂਨੀਵਰਸਿਟੀ, ਕੋਚੀ ਵੱਲੋਂ ਕੀਤਾ ਗਿਆ ਸੀ।
ਯੂਨੀਵਰਸਿਟੀ ਦੇ ਬੁਲਾਰੇ ਨੇ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਦੇਸ਼ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਇਕੱਠੇ ਹੋਏ ਸਨ। ਇਸਦਾ ਮੁੱਖ ਮਕਸਦ ਅਕਾਦਮਿਕ ਸਹਿਯੋਗ ਮਜ਼ਬੂਤ ਕਰਨਾ ਅਤੇ ਆਪਸੀ ਤਜਰਬੇ ਸਾਂਝੇ ਕਰਨਾ ਸੀ।
ਬੁਲਾਰੇ ਨੇ ਇਹ ਵੀ ਸਪਸ਼ਟ ਕੀਤਾ ਕਿ ਡਾ. ਕਰਮਜੀਤ ਸਿੰਘ ਨੇ ਸਮਾਗਮ ਦੌਰਾਨ ਕੇਵਲ ਜੀ.ਐੱਨ.ਡੀ.ਯੂ. ਵੱਲੋਂ ਚਲਾਏ ਜਾ ਰਹੇ ਅਕਾਦਮਿਕ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ ਸੀ, ਨਾ ਕਿ ਕਿਸੇ ਵੀ ਕਿਸਮ ਦੀ ਵਿਵਾਦਿਤ ਰਾਇ ਪ੍ਰਗਟ ਕੀਤੀ ਸੀ।
ਦੱਸਣਯੋਗ ਹੈ ਕਿ ਇਸ ਸਬੰਧੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਵੀ ਅਕਾਲ ਤਖ਼ਤ ਵਿਖੇ ਸ਼ਿਕਾਇਤ ਕੀਤੀ ਗਈ ਸੀ। ਇਸ ਮਾਮਲੇ ਨੇ ਉਸ ਵੇਲੇ ਹੋਰ ਤੀਬਰ ਰੂਪ ਧਾਰਨ ਕੀਤਾ ਜਦੋਂ ਇਸਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ।
ਇਸ ਘਟਨਾ ਤੋਂ ਬਾਅਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪ੍ਰੋ. ਕਰਮਜੀਤ ਸਿੰਘ ਨੂੰ ਜਥੇਦਾਰਾਂ ਸਬੰਧੀ ਸੇਵਾ ਨਿਯਮ ਤਿਆਰ ਕਰਨ ਲਈ ਬਣਾਈ ਕਮੇਟੀ ਵਿੱਚੋਂ ਹਟਾ ਦਿੱਤਾ ਗਿਆ ਸੀ।