Asia
1984 ਵਿਰੋਧੀ ਸਿੱਖ ਦੰਗੇ: ਹਰਿਆਣਾ ਸਰਕਾਰ ਵੱਲੋਂ 121 ਪਰਿਵਾਰਾਂ ਦੇ ਇੱਕ-ਇੱਕ ਮੈਂਬਰ ਨੂੰ ਨੌਕਰੀ ਮਿਲੇਗੀ
ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਨਾਯਬ ਸਿੰਘ ਸੈਣੀ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ 1984 ਸਿੱਖ ਵਿਰੋਧੀ ਦੰਗਿਆਂ ਵਿੱਚ ਆਪਣੇ ਪਰਿਵਾਰ ਦੇ ਮੈਂਬਰ ਗੁਆਉਣ ਵਾਲੇ 121 ਪਰਿਵਾਰਾਂ ਵਿੱਚੋਂ ਇੱਕ-ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਰਾਜਨੀਤਿਕ ਵਿਸ਼ਲੇਸ਼ਕਾਂ ਵੱਲੋਂ ਇਸ ਕਦਮ ਨੂੰ ਪੰਜਾਬ ਵਿੱਚ 2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵੱਲੋਂ ਕੀਤਾ ਗਿਆ ਇਕ ਵੱਡਾ ਆਉਟਰੀਚ ਦੱਸਿਆ ਜਾ ਰਿਹਾ ਹੈ।
ਸੈਣੀ ਨੇ ਇਹ ਐਲਾਨ ਵਿਧਾਨ ਸਭਾ ਵਿੱਚ ਕੀਤਾ ਜਿੱਥੇ ਉਨ੍ਹਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੇ 350ਵੇਂ ਸਾਲ ਨੂੰ “ਉਚਿਤ ਅਤੇ ਸਨਮਾਨਿਤ ਢੰਗ ਨਾਲ” ਮਨਾਉਣ ਲਈ ਪ੍ਰਸਤਾਵ ਪੇਸ਼ ਕੀਤਾ। ਇਹ ਪ੍ਰਸਤਾਵ ਸਹਿਮਤੀ ਨਾਲ ਪਾਸ ਕੀਤਾ ਗਿਆ।
ਪ੍ਰਸਤਾਵ ਪਾਸ ਹੋਣ ਤੋਂ ਬਾਅਦ ਸੈਣੀ ਨੇ ਦੰਗਿਆਂ ਦੌਰਾਨ ਹੋਈ ਤਬਾਹੀ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ 20 ਗੁਰਦੁਆਰੇ, 221 ਘਰ, 154 ਦੁਕਾਨਾਂ, 87 ਫੈਕਟਰੀਆਂ, ਰੇਲਗੱਡੀ ਦੇ ਤਿੰਨ ਕੋਚ ਅਤੇ 85 ਵਾਹਨ ਸਾੜੇ ਗਏ ਸਨ।
ਉਨ੍ਹਾਂ ਨੇ ਕਿਹਾ, “ਇਨ੍ਹਾਂ ਦੰਗਿਆਂ ਦੌਰਾਨ 121 ਲੋਕਾਂ ਦੀ ਮੌਤ ਹੋ ਗਈ ਸੀ ਅਤੇ 58 ਜਖ਼ਮੀ ਹੋਏ ਸਨ। ਪਿਛਲੀਆਂ ਸਰਕਾਰਾਂ ਵੱਲੋਂ ਯਥਾਸੰਭਵ ਵਿੱਤੀ ਸਹਾਇਤਾ ਦਿੱਤੀ ਗਈ, ਪਰ ਅਜੇ ਵੀ ਮੈਂ ਜਦੋਂ ਰਾਜ ਭਰ ਵਿੱਚ ਦੌਰੇ ਕਰਦਾ ਹਾਂ ਤਾਂ ਪੀੜਤ ਪਰਿਵਾਰਾਂ ਦੇ ਲੋਕ ਮੈਨੂੰ ਆਪਣਾ ਦਰਦ ਸੁਣਾਉਂਦੇ ਹਨ। ਉਹ ਕਹਿੰਦੇ ਹਨ ਕਿ ਚਾਲੀ ਸਾਲ ਪਹਿਲਾਂ ਉਨ੍ਹਾਂ ‘ਤੇ ਦੁੱਖਾਂ ਦਾ ਪਹਾੜ ਟੁੱਟਿਆ ਸੀ। ਉਹ ਅੱਜ ਵੀ ਉਸ ਤ੍ਰਾਸਦੀ ਦੇ ਨਤੀਜਿਆਂ ਨਾਲ ਜੂਝ ਰਹੇ ਹਨ।”