Asia
ਪੰਜਾਬ ਵਿੱਚ ਭਾਰੀ ਮੀਂਹ ਅਤੇ ਹੜ੍ਹ: ਭਗਵੰਤ ਮਾਨ ਚੇਨਈ
ਪਿਛਲੇ 48 ਘੰਟਿਆਂ ਤੋਂ ਪੰਜਾਬ ਵਿੱਚ ਰਾਵੀ, ਬਿਆਸ, ਪੌਂਗ ਅਤੇ ਭਾਖੜਾ ਦਰਿਆਵਾਂ ਦੇ ਪਾਣੀ ਦੇ ਪੱਧਰ ਵਿੱਚ ਅਸਧਾਰਨ ਵਾਧਾ ਹੋਇਆ ਹੈ। ਸਰਕਾਰੀ ਅੰਕੜਿਆਂ ਮੁਤਾਬਕ, 6 ਤੋਂ ਵੱਧ ਜ਼ਿਲ੍ਹਿਆਂ ਦੇ ਹਜ਼ਾਰਾਂ ਪਿੰਡ ਹੜ੍ਹ ਦੀ ਚਪੇਟ ਵਿੱਚ ਆ ਚੁੱਕੇ ਹਨ, ਹਜ਼ਾਰਾਂ ਏਕੜ ਖੇਤੀਬਾੜੀ ਦੀ ਫਸਲ ਪਾਣੀ ਵਿੱਚ ਡੁੱਬ ਗਈ ਹੈ। ਕਿਸਾਨਾਂ ਦੇ ਸਾਹ ਸੁੱਕੇ ਪਏ ਹਨ ਅਤੇ ਉਹ ਆਪਣੇ ਪੱਧਰ ਤੇ ਦਰਿਆਵਾਂ ਦੇ ਕਮਜ਼ੋਰ ਕੰਡਿਆਂ ਨੂੰ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲੈ ਰਹੇ ਹਨ।
ਇਨ੍ਹਾਂ ਹਾਲਾਤਾਂ ਵਿਚ ਵੀ ਮੁੱਖ ਮੰਤਰੀ ਭਗਵੰਤ ਮਾਨ ਚੇਨਈ ਗਏ, ਜਿੱਥੇ ਉਹ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਦੀਆਂ ਭਲਾਈ ਯੋਜਨਾ ‘ਮੁੱਖ ਮੰਤਰੀ ਨਾਸ਼ਤਾ ਯੋਜਨਾ’ ਦੇ ਵਿਸਥਾਰ ਲਈ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਦੀਆਂ ਭਲਾਈਆਂ ਪਹਿਲ ਕਦਮੀਆਂ ਦੀ ਸ਼ਲਾਘਾ ਕੀਤੀ ਅਤੇ ਦੋਵੇਂ ਰਾਜਾਂ ਵਿਚਕਾਰ ਸੱਭਿਆਚਾਰਕ ਰਿਸ਼ਤਿਆਂ ਦੀ ਗੱਲ ਕੀਤੀ।
ਇੱਥੇ ਸਰਕਾਰ ਨੂੰ ਇਹ ਪੁੱਛਣਾ ਲਾਜ਼ਮੀ ਹੈ ਕਿ ਜਦ ਪੰਜਾਬ ਦੇ ਲੋਕ ਆਪਣੇ ਘਰ ਛੱਡਣ ਨੂੰ ਮਜਬੂਰ ਹਨ, ਕਿਸਾਨਾਂ ਦੀ ਫਸਲ ਬਰਬਾਦ ਹੋ ਰਹੀ ਹੈ ਅਤੇ ਬੱਚਿਆਂ ਦੀ ਸੁਰੱਖਿਆ ਖਤਰੇ ਵਿੱਚ ਹੈ, ਉਸ ਸਮੇਂ ਸਰਕਾਰ ਦਾ ਚੇਨਈ ਵਿੱਚ ਸਮਾਗਮ ਦੇ ਵਿੱਚ ਸ਼ਾਮਿਲ ਹੋਣਾ ਕਿਵੇਂ ਵਾਜਿਬ ਹੈ? ਸਥਾਨਕ ਹੜ੍ਹ ਕੰਟਰੋਲ ਅਤੇ ਰਾਹਤ ਕਾਰਵਾਈਆਂ ਅਜੇ ਤੱਕ ਮੌਕੇ ਤੇ ਸਹੀ ਰੂਪ ਦਿਖਾਈ ਨਹੀਂ ਦੇ ਰਹੀਆਂ ਅਤੇ ਲੋਕਾਂ ਵਿੱਚ ਨਿਰਾਸ਼ਾ ਹੈ।
ਸੂਬਾ ਪ੍ਰਸ਼ਾਸਨ ਦੇ ਅਨੁਸਾਰ, ਜਲੰਧਰ ਵਿੱਚ ਹੜ੍ਹ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਪਰ ਡਿਪਟੀ ਕਮਿਸ਼ਨਰਾਂ ਵੱਲੋਂ ਹਾਈ ਅਲਰਟ ‘ਤੇ ਰਹਿਣ ਦੇ ਹੁਕਮਾਂ ਦੇ ਬਾਵਜੂਦ, ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਵਾਈ ਬਹੁਤ ਹੌਲੀ ਰਹੀ ਹੈ। ਸਵਾਲ ਇਹ ਹੈ ਕਿ ਕੀ ਇਹ ਸਰਕਾਰ ਦੀ ਤਰਜੀਹ ਲੋਕਾਂ ਦੀ ਜਿੰਦਗੀ ਅਤੇ ਫਸਲ ਬਚਾਉਣ ਦੇ ਪ੍ਰਤੀ ਹੈ ਜਾਂ ਆਪਣਿਆਂ ਨੂੰ ਛੱਡ ਦੂਜੇ ਰਾਜਾਂ ਦੇ ਸਮਾਗਮ ਵਿੱਚ ਭਾਗ ਲੈ ਕੇ ਤਸਵੀਰਾਂ ਦੀ ਰਾਜਨੀਤੀ ਕਰਨੀ ?
ਇੱਥੇ ਇਹ ਜ਼ਿਕਰਯੋਗ ਹੈ ਕਿ ਪੰਜਾਬ ਵਿਚ ਭਾਵੇਂ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ, ਹਰ ਸਰਕਾਰ ਦੀਆਂ ਅਣਪੂਰੀਆਂ ਯੋਜਨਾਵਾਂ ਅਤੇ ਹੜ੍ਹ ਨਿਯੰਤਰਣ ਵਿੱਚ ਨਾਕਾਮੀ ਨੇ ਸੂਬੇ ਦੇ ਲੋਕਾਂ ਦੀ ਜਿੰਦਗੀ ਨੂੰ ਖਤਰੇ ਵਿੱਚ ਪਾ ਦਿੱਤਾ ਹੈ, ਅਤੇ ਹੁਣ ਵੀ ਲੋਕਾਂ ਨੂੰ ਉਮੀਦ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਸਮਾਗਮਾਂ ਤੱਕ ਸੀਮਿਤ ਨਾ ਰਹਿਣ, ਬਲਕਿ ਤੁਰੰਤ ਰਾਹਤ ਅਤੇ ਸੰਭਾਲ ਕਾਰਵਾਈ ਵਿੱਚ ਵੀ ਅਗਵਾਈ ਆਪਣੇ ਹੱਥੀਂ ਲੈਣ।