Asia
ਹੜ੍ਹ-ਪ੍ਰਭਾਵਿਤ ਗੁਰਦਾਸਪੁਰ ਦਾ CM ਮਾਨ ਵੱਲੋਂ ਦੌਰਾ
“ਹੈਲੀਕਾਪਟਰ ਲੋਕਾਂ ਲਈ, ਖ਼ੁਦ ਕਾਰ ’ਤੇ ਵਾਪਸ ਜਾਵਾਂਗਾ”
ਗੁਰਦਾਸਪੁਰ, 27 ਅਗਸਤ: ਜ਼ਿਲ੍ਹਾ ਗੁਰਦਾਸਪੁਰ ਵਿੱਚ ਹੜ੍ਹਾਂ ਕਾਰਨ ਲੋਕ ਬਹੁਤ ਗੰਭੀਰ ਮੁਸ਼ਕਲਾਂ ਨਾਲ ਜੂਝ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦੀਨਾਨਗਰ ਦੇ ਬਹਿਰਾਮਪੁਰ ਇਲਾਕੇ ਦਾ ਦੌਰਾ ਕੀਤਾ ਤੇ ਪ੍ਰਭਾਵਿਤ ਲੋਕਾਂ ਦੀ ਹਾਲਤ ਦਾ ਜਾਇਜ਼ਾ ਲਿਆ।
ਉਨ੍ਹਾਂ ਕਿਹਾ ਕਿ ਕਈ ਪਿੰਡਾਂ ਵਿੱਚ ਲੋਕ ਘਰਾਂ ਵਿੱਚ ਫ਼ਸੇ ਹੋਏ ਹਨ, ਬੱਚਿਆਂ ਸਮੇਤ ਛੱਤਾਂ ’ਤੇ ਬੈਠੇ ਹਨ ਅਤੇ ਰਾਹਤ ਦੀ ਉਡੀਕ ਕਰ ਰਹੇ ਹਨ। ਮਾਨ ਨੇ ਐਲਾਨ ਕੀਤਾ ਕਿ “ਜਿਨ੍ਹਾਂ ਲੋਕਾਂ ਨੇ 92 ਸੀਟਾਂ ਦੇ ਕੇ ਮੈਨੂੰ ਹੈਲੀਕਾਪਟਰ ਦਿੱਤਾ ਸੀ, ਅੱਜ ਉਹ ਹੈਲੀਕਾਪਟਰ ਲੋਕਾਂ ਨੂੰ ਸਮਰਪਿਤ ਹੈ।” ਸਰਕਾਰ ਦਾ ਹੈਲੀਕਾਪਟਰ ਹੁਣ ਲੋਕਾਂ ਲਈ ਵਰਤਿਆ ਜਾਵੇਗਾ ਅਤੇ ਇਸ ਰਾਹੀਂ ਪਾਣੀ, ਦੁੱਧ ਤੇ ਰਾਸ਼ਨ ਪਹੁੰਚਾਇਆ ਜਾਵੇਗਾ। “ਮੈਂ ਖ਼ੁਦ ਕਾਰ ਤੇ ਵਾਪਸ ਚਲਾ ਜਾਵਾਂਗਾ,” ਉਨ੍ਹਾਂ ਕਿਹਾ।
ਐਡੀਟੋਰਿਅਲ ਟਿੱਪਣੀ
ਪੰਜਾਬ ਵਿੱਚ ਹਰ ਸਾਲ ਮੀਂਹ ਤੇ ਹੜ੍ਹ ਨਾਲ ਹੋਣ ਵਾਲੀ ਤਬਾਹੀ ਲੋਕਾਂ ਲਈ ਨਵੀਂ ਨਹੀਂ ਹੈ। ਪਰ ਅਫ਼ਸੋਸ ਇਹ ਹੈ ਕਿ ਸਰਕਾਰਾਂ ਦੀ ਤਿਆਰੀ ਹਮੇਸ਼ਾ ਕਾਗ਼ਜ਼ਾਂ ਤੱਕ ਸੀਮਿਤ ਰਹਿੰਦੀ ਹੈ। ਜਿਹਨਾਂ ਸਰਕਾਰ ਨੇ ਪੂਰਾ ਪੂਰਾ ਸਾਲ ਕਾਗਜ਼ ਦੀ ਬੇੜੀ ਦਾ ਵੀ ਇੰਤਜ਼ਾਮ ਨਹੀਂ ਕੀਤਾ,ਅੱਜ ਮੌਕੇ ਤੇ ਲੋਕਾਂ ਦਾ ਗੁੱਸਾ ਵੇਖ ਆਪਣਾ ਹੈਲੀਕਾਪਟਰ ਲੋਕਾਂ ਲਈ ਛੱਡ ਗਏ।
ਜਦੋਂ ਲੋਕ ਛੱਤਾਂ ’ਤੇ ਬੈਠ ਕੇ ਮਦਦ ਦੀ ਉਡੀਕ ਕਰ ਰਹੇ ਹਨ, ਉਸ ਵੇਲੇ ਇਹ ਸਵਾਲ ਖੜ੍ਹਦਾ ਹੈ ਕਿ ਕੀ ਕੇਵਲ ਹੈਲੀਕਾਪਟਰ ਰਾਹੀਂ ਰਾਸ਼ਨ ਸੁੱਟਣਾ ਹੀ ਹੱਲ ਹੈ? ਪਿੰਡਾਂ ਦੀਆਂ ਨਿਕਾਸੀ ਯੋਜਨਾਵਾਂ, ਦਰਿਆਵਾਂ ਦੇ ਕੱਢੇ ਜਾਣ ਵਾਲੇ ਪਾਣੀ ਦੀ ਯੋਜਨਾ ਤੇ ਲੰਬੀ ਮਿਆਦ ਵਾਲੀਆਂ ਨੀਤੀਆਂ ਕਿੱਥੇ ਹਨ?
ਸਰਕਾਰ ਦੇ ਐਲਾਨ ਸੁਹਾਵਣੇ ਲੱਗਦੇ ਹਨ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਪ੍ਰਬੰਧਾਂ ਦੀ ਕਮੀ ਕਰਕੇ ਹੜ੍ਹ ਹਰ ਵਾਰ ਲੋਕਾਂ ਦੀ ਜਾਨ ਤੇ ਜਾਇਦਾਦ ਲਈ ਖ਼ਤਰਾ ਬਣ ਜਾਂਦਾ ਹੈ।