Asia
ਪੰਜਾਬੀ ਯੂਨੀਵਰਸਿਟੀ ’ਚ ਮਹਾਨ ਕੋਸ਼ ਦੇ ਨਸ਼ਟ ਕਰਨ ਨੂੰ ਲੈ ਕੇ ਤਣਾਅ
ਪਟਿਆਲਾ, 27 ਅਗਸਤ – ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਵਿਦਿਆਰਥੀ ਇੱਕ ਵਾਰ ਫਿਰ ਆਹਮੋ-ਸਾਹਮਣੇ ਆ ਗਏ ਹਨ। ਮਾਮਲਾ ਤਰੁੱਟੀਆਂ ਵਾਲੇ ਮਹਾਨ ਕੋਸ਼ ਨੂੰ ਨਸ਼ਟ ਕਰਨ ਨਾਲ ਜੁੜਿਆ ਹੈ।
ਯੂਨੀਵਰਸਿਟੀ ਵੱਲੋਂ ਕੁਝ ਕਾਪੀਆਂ ਨੂੰ ਟੋਆ ਪੁੱਟ ਕੇ ਧਰਤੀ ਵਿੱਚ ਦੱਬਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ। ਜਿਵੇਂ ਹੀ ਇਹ ਗੱਲ ਵਿਦਿਆਰਥੀਆਂ ਦੇ ਧਿਆਨ ਵਿੱਚ ਆਈ, ਉਹ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਰੋਸ ਜਤਾਉਂਦੇ ਹੋਏ ਕਾਰਵਾਈ ਰੁਕਵਾ ਦਿੱਤੀ।
ਵਿਦਿਆਰਥੀਆਂ ਦਾ ਕਹਿਣਾ ਹੈ ਕਿ ਮਹਾਨ ਕੋਸ਼ ਵਿੱਚ ਗੁਰਬਾਣੀ ਦੀਆਂ ਤੁਕਾਂ ਵੀ ਦਰਜ ਹਨ, ਇਸ ਲਈ ਇਨ੍ਹਾਂ ਕਾਪੀਆਂ ਦਾ ਸਤਿਕਾਰ ਪੂਰਵਕ ਸੰਸਕਾਰ ਕੀਤਾ ਜਾਣਾ ਚਾਹੀਦਾ ਸੀ। “ਟੋਆ ਵਿੱਚ ਸੁੱਟ ਕੇ ਮਿੱਟੀ ਪਾਉਣੀ ਸਰਾਸਰ ਬੇਅਦਬੀ ਹੈ,” ।
ਪਿੱਛੋਕੜ
- ਮਹਾਨ ਕੋਸ਼ ਸਿੱਖ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਨੇ 1930 ਵਿੱਚ ਤਿਆਰ ਕੀਤਾ ਸੀ।
- ਇਸ ਵਿੱਚ ਕਰੀਬ 80 ਹਜ਼ਾਰ ਸ਼ਬਦਾਂ ਦੇ ਅਰਥ ਹਨ।
- ਕੁਝ ਸਾਲ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਸਦੀ ਮੁੜ ਛਪਾਈ ਕਰਵਾਈ ਸੀ, ਪਰ ਕਈ ਗ਼ਲਤੀਆਂ ਸਾਹਮਣੇ ਆਈਆਂ।
- ਵਿਦਵਾਨਾਂ ਵੱਲੋਂ ਵਾਰ-ਵਾਰ ਇਸ ਨੂੰ ਵਾਪਸ ਲੈਣ ਅਤੇ ਨਸ਼ਟ ਕਰਨ ਦੀ ਮੰਗ ਕੀਤੀ ਜਾਂਦੀ ਰਹੀ।
ਸਰਕਾਰ ਅਤੇ ਯੂਨੀਵਰਸਿਟੀ ਦੀ ਭੂਮਿਕਾ
ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਇਹ ਮਾਮਲਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਸਾਹਮਣੇ ਰੱਖਿਆ ਗਿਆ ਸੀ। 6 ਅਗਸਤ ਨੂੰ ਵਫ਼ਦ ਨੇ ਸਪੀਕਰ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ 15 ਦਿਨਾਂ ਵਿੱਚ ਮਹਾਨ ਕੋਸ਼ ਵਾਪਸ ਨਾ ਲਿਆ ਗਿਆ ਤਾਂ ਇਹ ਮਾਮਲਾ ਆਮ ਜਨਤਾ ਤੱਕ ਲਿਆਂਦਾ ਜਾਵੇਗਾ।
ਯੂਨੀਵਰਸਿਟੀ ਦੇ ਵੀਸੀ ਡਾ. ਜਗਦੀਪ ਸਿੰਘ ਨੇ ਵੀ ਉਸ ਵੇਲੇ 15 ਦਿਨਾਂ ਵਿੱਚ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਸੀ। ਇਸੇ ਤਹਿਤ ਨਸ਼ਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ, ਪਰ ਹੁਣ ਵਿਦਿਆਰਥੀਆਂ ਨੇ ਤਰੀਕੇ ’ਤੇ ਹੀ ਸਖ਼ਤ ਇਤਰਾਜ਼ ਜਤਾ ਦਿੱਤਾ ਹੈ।