Asia
ਲੈਂਡ ਪੂਲਿੰਗ ਸਕੀਮ ਰੱਦ ਹੋਣ ’ਤੇ ਅਕਾਲੀ ਦਲ ਦੀ ਅਰਦਾਸ, ਹੜ੍ਹਾਂ ਲਈ ਸਰਕਾਰ ਨੂੰ ਘੇਰਿਆ
ਅੰਮ੍ਰਿਤਸਰ, 28 ਅਗਸਤ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਪਾਰਟੀ ਦੀ ਪੂਰੀ ਲੀਡਰਸ਼ਿਪ ਅੱਜ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਈ ਅਤੇ ਲੈਂਡ ਪੂਲਿੰਗ ਸਕੀਮ ਰੱਦ ਹੋਣ ’ਤੇ ਸ਼ੁਕਰਾਨੇ ਦੀ ਅਰਦਾਸ ਕੀਤੀ। ਇਸ ਮੌਕੇ ਪਾਰਟੀ ਵੱਲੋਂ ਪੰਜਾਬ ਵਿੱਚ ਆਏ ਹੜ੍ਹਾਂ ਤੋਂ ਨਿਜਾਤ ਲਈ ਵੀ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਗਈ।
ਸੁਖਬੀਰ ਸਿੰਘ ਬਾਦਲ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਅਕਾਲੀ ਦਲ ਨੇ ‘ਆਪ’ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦਾ ਡਟ ਕੇ ਵਿਰੋਧ ਕੀਤਾ ਸੀ, ਜਿਸ ਕਾਰਨ ਸਰਕਾਰ ਨੂੰ ਇਹ ਨੀਤੀ ਵਾਪਸ ਲੈਣੀ ਪਈ। ਉਨ੍ਹਾਂ ਕਿਹਾ ਕਿ ਇਹ ਜਿੱਤ ਪੰਜਾਬੀ ਕਿਸਾਨਾਂ ਅਤੇ ਅਕਾਲੀ ਵਰਕਰਾਂ ਦੀ ਇਕਜੁੱਟਤਾ ਦਾ ਨਤੀਜਾ ਹੈ।
ਬਾਦਲ ਨੇ ਦੱਸਿਆ ਕਿ ਵਾਹਿਗੁਰੂ ਦਾ ਧੰਨਵਾਦ ਹੈ ਜਿਨ੍ਹਾਂ ਨੇ ਪਾਰਟੀ ਨੂੰ ਉਹ ਤਾਕਤ ਬਖ਼ਸ਼ੀ ਕਿ 65 ਹਜ਼ਾਰ ਏਕੜ ਬੇਮੁੱਲੀ ਉਪਜਾਊ ਜ਼ਮੀਨ ਨੂੰ ਦਿੱਲੀ ਦੇ ਵਪਾਰੀਆਂ ਨੂੰ ਵੇਚਣ ਵਾਲੇ ਫੈਸਲੇ ਦਾ ਵਿਰੋਧ ਕੀਤਾ ਜਾ ਸਕਿਆ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬੀਆਂ ਦੀ ਸਾਂਝੀ ਮਿਹਨਤ ਨਾਲ ਹੀ ਇਹ “ਜ਼ਮੀਨ ਹੜੱਪ” ਨੀਤੀ ਰੱਦ ਹੋਈ ਹੈ ਅਤੇ ਇਸ ਅੰਦੋਲਨ ਵਿੱਚ ਸ਼ਾਮਲ ਹਰ ਵਿਅਕਤੀ ਦਾ ਧੰਨਵਾਦ ਕੀਤਾ।
ਇਸ ਮੌਕੇ ਪਾਰਟੀ ਨੇ ਅਰਦਾਸ ਕੀਤੀ ਕਿ ਅੰਨਦਾਤਿਆਂ ਅਤੇ ਪੰਜਾਬ ਦੇ ਲੋਕਾਂ ਨੂੰ ਹੜ੍ਹਾਂ ਦੀ ਤ੍ਰਾਸਦੀ ਤੋਂ ਬਚਾਇਆ ਜਾਵੇ ਅਤੇ ਖੇਤਾਂ ਵਿੱਚੋਂ ਪਾਣੀ ਜਲਦੀ ਨਿਕਲ ਸਕੇ।
ਸੁਖਬੀਰ ਬਾਦਲ ਨੇ ਹੜ੍ਹਾਂ ਲਈ ਸਿੱਧੀ ਤੌਰ ’ਤੇ ‘ਆਪ’ ਸਰਕਾਰ ਅਤੇ ਮੁੱਖ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਜੇ ਬੰਨ੍ਹਾਂ ਦੀ ਮਜ਼ਬੂਤੀ, ਦਰਿਆਵਾਂ ਦੀ ਖਲਾਈ ਅਤੇ ਨਹਿਰਾਂ ਦੀ ਮੁਰੰਮਤ ਸਮੇਂ ਸਿਰ ਕੀਤੀ ਜਾਂਦੀ ਤਾਂ ਪੰਜਾਬ ਨੂੰ ਇਹ ਸਥਿਤੀ ਨਾ ਵੇਖਣੀ ਪੈਂਦੀ।
ਉਨ੍ਹਾਂ ਰੋਸ ਪ੍ਰਗਟਾਇਆ ਕਿ ਜਿਹੜੇ ਸੂਬੇ ਪੰਜਾਬ ਤੋਂ ਪਾਣੀ ਮੰਗਦੇ ਹਨ, ਉਹ ਅੱਜ ਪੰਜਾਬ ਦੇ ਹੜ੍ਹਾਂ ਸਮੇਂ ਲੋਕਾਂ ਦਾ ਹਾਲ ਪੁੱਛਣ ਨਹੀਂ ਆਏ। ਬਾਦਲ ਨੇ ਇਹ ਵੀ ਸ਼ਿਕਵਾ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਵੀ ਹੁਣ ਤੱਕ ਨਾ ਹੀ ਕੋਈ ਪ੍ਰਤੀਨਿਧ ਭੇਜਿਆ ਗਿਆ ਅਤੇ ਨਾ ਹੀ ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ ਗਿਆ ਹੈ।
ਸਾਡੀ ਟਿੱਪਣੀ
ਪੰਜਾਬੀ ਲੋਕਾਂ ਦੀ ਇਸ ਯੋਜਨਾ ਵਿਰੋਧ ਇਕਜੁੱਟਤਾ – ਕਿਸਾਨ, ਸਿਆਸੀ ਪਾਰਟੀਆਂ ਤੇ ਧਾਰਮਿਕ ਸੰਸਥਾਵਾਂ, ਪ੍ਰਬੰਧਕ ਸੰਸਥਾਵਾਂ ਦੇ ਮਿਲਣ ਨਾਲ ਅਖ਼ੀਰ ਕਾਰ ਇਹ ਯੋਜਨਾ ਰੱਦ ਹੋ ਗਈ। ਇਹ ਸੂਬੇ ਦੀ ਧਾਰਮਿਕ ਅਤੇ ਰਾਜਨੀਤਕ ਸਮਰੱਥਾ ਦਾ ਪ੍ਰਤੀਕ ਹੈ। ਇਸ ਜਿੱਤ ਦਾ ਰਾਜਨੀਤਕ ਲਾਹਾ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਕ ਪ੍ਰੋਗਰਾਮ ਉਲੀਕਿਆ ਗਿਆ ਜਿਸ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ, ਜਿਸ ਨਾਲ ਪਾਰਟੀ ਦੀ ਰਾਜਨੀਤਕ ਤਾਕਤ ਨੂੰ ਲੋਕਾਂ ਦੁਬਾਰਾ ਉਬਾਰਿਆ ਜਾਵੇ।