Asia
1993 ਝੂਠਾ ਪੁਲਿਸ ਮੁਕਾਬਲਾ – ਸਾਬਕਾ ਪੰਜਾਬ ਪੁਲਿਸ ਅਧਿਕਾਰੀ ਨੂੰ ਸਜ਼ਾ
ਮੋਹਾਲੀ ਦੀ ਸੀਬੀਆਈ ਅਦਾਲਤ ਨੇ 1993 ਦੇ ਇਕ ਝੂਠੇ ਪੁਲਿਸ ਮੁਕਾਬਲੇ ਵਿੱਚ ਦੋ ਪੁਲਿਸ ਕਾਂਸਟੇਬਲਾਂ ਨੂੰ ਅਣ-ਪਛਾਤੇ ਅੱਤਵਾਦੀ ਕੱਤਲ ਕਰਨ ਵਾਲੇ ਸਾਬਕਾ ਪੰਜਾਬ ਪੁਲਿਸ ਅਫ਼ਸਰ ਪਰਮਜੀਤ ਸਿੰਘ ਨੂੰ 10 ਸਾਲ ਕਠੋਰ ਸਜ਼ਾ ਅਤੇ 50,000 ਰੁਪਏ ਦਾ ਜੁਰਮਾਨਾ ਠੋਕਿਆ ਹੈ। ਪਰਮਜੀਤ ਸਿੰਘ ਘਟਨਾਂ ਸਮੇਂ ਬਿਆਸ ਪੁਲਿਸ ਸਟੇਸ਼ਨ ਵਿੱਚ ਸਟੇਸ਼ਨ ਹਾਊਸ ਅਫ਼ਸਰ ਐੱਸ.ਐਚ.ਓ. ਦੇ ਉਹਦੇ ਦੇ ਤੈਨਾਤ ਸੀ। ਦੋਸ਼ੀ ਅਧਿਕਾਰੀ ਵੱਖ ਵੱਖ ਸਮੇਂ ਤਰੱਕੀਆਂ ਲੈ ਕੇ ਪੁਲਿਸ ਸੂਪਰਿੰਟੈਂਡੈਂਟ ਦੇ ਉਹਦੇ ਤੋਂ ਸੇਵਾਮੁਕਤ ਹੋਇਆ ਹੈ।
ਅਦਾਲਤ ਨੇ ਮਾਮਲੇ ਵਿੱਚ ਹੋਰ ਤਿੰਨ ਆਰੋਪੀਆਂ ਨੂੰ ਬੇਗੁਨਾਹ ਕਰਾਰ ਦਿੱਤਾ ਹੈ। ਜਿਹਨਾਂ ਵਿੱਚ ਸਾਬਕਾ ਇੰਸਪੈਕਟਰ ਧਰਮ ਸਿੰਘ (77), ਸਾਬਕਾ ਅਸਿਸਟੈਂਟ ਸਬ-ਇੰਸਪੈਕਟਰ ਕਸ਼ਮੀਰ ਸਿੰਘ (69) ਅਤੇ ਸਾਬਕਾ ਏ.ਐਸ.ਆਈ. ਦਰਬਾਰਾ ਸਿੰਘ (71) ਹਨ । ਇਸ ਮਾਮਲੇ ਵਿੱਚ ਇਕ ਹੋਏ ਆਰੋਪੀ ਸਾਬਕਾ ਸਬ-ਇੰਸਪੈਕਟਰ ਰਾਮ ਲੁਭਾਇਆ ਦਾ ਸੁਣਵਾਈ ਦੌਰਾਨ ਦੇਹਾਂਤ ਹੋ ਗਿਆ ਸੀ।
ਮਾਮਲੇ ਦੇ ਅਨੁਸਾਰ, ਬਾਬਾ ਬਲਾਕਾ ਦੇ ਪਿੰਡ ਮੁੱਛਲ ਦਾ ਕਾਂਸਟੇਬਲ ਸੁਰਮੁਖ ਸਿੰਘ ਅਤੇ ਖਿਆਲਾ ਪਿੰਡ ਦੇ ਕਾਂਸਟੇਬਲ ਸੁਖਵਿੰਦਰ ਸਿੰਘ ਨੂੰ 18 ਅਪ੍ਰੈਲ 1993 ਨੂੰ ਪੁਲਿਸ ਵਲੋਂ ਚੁੱਕ ਲਿਆ ਗਿਆ ਸੀ। ਸੁਰਮੁਖ ਸਿੰਘ ਨੂੰ ਸਾਬਕਾ ਬਿਆਸ ਐੱਸ.ਐਚ.ਓ. ਪਰਮਜੀਤ ਸਿੰਘ ਨੇ ਘਰੋਂ ਬੁਲਾਇਆ, ਜਦਕਿ ਸੁਖਵਿੰਦਰ ਸਿੰਘ ਨੂੰ ਸਬ-ਇੰਸਪੈਕਟਰ ਲੁਭਾਇਆ ਨੇ ਸਕੂਟਰ ਚੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ। ਸੁਖਵਿੰਦਰ ਦੇ ਮਾਪੇ ਪੁਲਿਸ ਸਟੇਸ਼ਨ ਗਏ ਪਰ ਦੋਸ਼ੀਆਂ ਨੇ ਉਹਨਾਂ ਨੂੰ ਪੁੱਤਰ ਨਾਲ ਮਿਲਣ ਦੀ ਆਗਿਆ ਨਹੀਂ ਦਿੱਤੀ।
ਬਾਅਦ ਵਿੱਚ ਮਜੀਠਾ ਪੁਲਿਸ ਨੇ ਦਾਅਵਾ ਕੀਤਾ ਕਿ ਦੋ ਅਣਪਛਾਤੇ ਹਥਿਆਰਬੰਦ ਵਿਅਕਤੀ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਹਨ ਅਤੇ ਉਹਨਾਂ ਦੇ ਲਾਸ਼ਾਂ ਦੀ ਪਛਾਣ ਬਿਨਾਂ ਕਰਵਾਏ , ਲਾਸ਼ਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸੀਬੀਆਈ ਦੀ ਜਾਂਚ ਨੇ ਇਹ ਸਾਹਮਣੇ ਲਿਆਂਦਾ ਕਿ ਇਹ ਪੁਲਿਸ ਮੁਕਾਬਲਾ ਮੂਲ ਰੂਪ ਵਿੱਚ ਝੂਠਾ ਸੀ ਅਤੇ ਪੁਲਿਸ ਨੇ ਦਸਤਾਵੇਜ਼ਾਂ ਵਿੱਚ ਧੋਖਾ ਧੜੀ ਕਰਕੇ ਝੂਠੀ ਕਹਾਣੀ ਬਣਾਈ। ਜਾਂਚ ਵਿੱਚ ਪਤਾ ਲੱਗਾ ਕਿ ਮਾਰੇ ਗਏ ਦੋ ਅਣਪਛਾਤੇ ਵਿਅਕਤੀ ਦਰਅਸਲ ਦੋ ਪੁਲਿਸ ਕਾਂਸਟੇਬਲ ਸੁਰਮੁਖ ਸਿੰਘ ਅਤੇ ਸੁਖਵਿੰਦਰ ਸਿੰਘ ਸਨ।
ਆਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ, “ਅਦਾਲਤ ਬਹੁਤ ਚੰਗੀ ਤਰ੍ਹਾਂ ਸਮਝ ਸਕਦੀ ਹੈ ਕਿ ਪਰਿਵਾਰਕ ਮੈਂਬਰਾਂ ਨੇ 1993 ਤੋਂ ਇਨਸਾਫ਼ ਲੈਣ ਲਈ ਕਿੰਨਾ ਸੰਘਰਸ਼ ਕੀਤਾ। ਉਨ੍ਹਾਂ ਨੂੰ ਇਸ ਇਨਸਾਫ਼ ਦੀ ਲੜਾਈ ਵਿੱਚ ਕਾਫ਼ੀ ਖ਼ਰਚਾ ਆਇਆ ਹੋਵੇਗਾ ਅਤੇ ਹੁਣ ਉਨ੍ਹਾਂ ਦੇ ਪੁਨਰਵਾਸ ਲਈ ਮਾਲੀ ਮਦਦ ਦਿੱਤੀ ਜਾਵੇ।” ਅਦਾਲਤ ਨੇ ਮੋਹਾਲੀ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਿਟੀ ਦੇ ਸਕੱਤਰ ਨੂੰ ਨਿਰਦੇਸ਼ ਦਿੱਤਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਦੇ ਮੁਆਵਜ਼ੇ ਦੇ ਮਾਮਲੇ ‘ਤੇ ਵਿਚਾਰ ਕੀਤਾ ਜਾਵੇ।
ਇਹ ਕੇਸ ਸੀਬੀਆਈ ਦੇ ਪਬਲਿਕ ਪ੍ਰੋਸੀਕਿਊਟਰ ਅਨਮੋਲ ਨਾਰੰਗ ਨੇ ਸ਼ਿਕਾਇਤਕਾਰਾਂ ਵੱਲੋਂ ਲੜਿਆ ਅਤੇ ਇਸ ਕੇਸ ਵਿੱਚ ਤੱਥਾਂ ਤੇ ਚਾਨਣਾਂ ਪਾਉਣ ਲਈ ਬਤੌਰ ਸਹਿਯੋਗੀ ਵਕੀਲ ਸਰਬਜੀਤ ਸਿੰਘ ਵੇਰਕਾ, ਪੁਸ਼ਪਿੰਦਰ ਸਿੰਘ ਨੱਟ ਅਤੇ ਜਗਜੀਤ ਸਿੰਘ ਟੀਮ ਵਿਚ ਸ਼ਾਮਿਲ ਸਨ।